ਯੂਰਪੀ ਸੰਘ ਦੇ ਪੰਜ ਵੱਡੇ ਦੇਸ਼ਾਂ ਨੇ ਅਮਰੀਕੀ ਕਰ ਸੁਧਾਰਾਂ ਨੂੰ ਲੈ ਕੇ ਚਿੰਤਾ ਕੀਤੀ ਜ਼ਾਹਰ

12/12/2017 12:16:30 PM

ਪੈਰਿਸ/ਵਾਸ਼ਿੰਗਟਨ (ਭਾਸ਼ਾ)— ਯੂਰਪੀ ਸੰਘ ਦੇ ਪੰਜ ਵੱਡੇ ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਅਮਰੀਕਾ ਵਿਚ ਹੋਣ ਵਾਲੇ ਕਰ ਸੁਧਾਰਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਅਮਰੀਕਾ ਦੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਅਮਰੀਕੀ ਕਰ ਵਿਵਸਥਾ ਵਿਚ ਹੋਣ ਵਾਲੇ ਬਦਲਾਆਂ ਨੂੰ ਲੈ ਕੇ ਉਨ੍ਹਾਂ ਨੂੰ ''ਅੰਤਰ ਰਾਸ਼ਟਰੀ ਜ਼ਿੰਮੇਵਾਰੀਆਂ ਬਾਰੇ ਸਾਵਧਾਨ ਕੀਤਾ ਹੈ, ਜਿਨ੍ਹਾਂ 'ਤੇ ਅਮਰੀਕਾ ਨੇ ਦਸਤਖਤ ਕੀਤੇ ਹਨ।'' ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਹੋਣ ਵਾਲੇ ਕਰ ਸੁਧਾਰਾਂ ਅਤੇ ਬਦਲਾਆਂ ਵਿਚ ਕੁਝ ਅਜਿਹੇ ਪ੍ਰਬੰਧ ਕੀਤੇ ਜਾਣਗੇ ਜੋ ਕਿ ਰਵਾਇਤੀ ਅੰਤਰ ਰਾਸ਼ਟਰੀ ਟੈਕਸ ਪ੍ਰਬੰਧਾਂ ਦੇ ਮੁਤਾਬਕ ਨਹੀਂ ਹੋਣਗੇ ਅਤੇ ਇਨ੍ਹਾਂ ਦੇ ਅਮਲ ਵਿਚ ਆਉਣ ਨਾਲ ਕਰ ਸੰਧੀਆਂ ਦੇ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ। ਇਸ ਦਾ ਅੰਤਰ ਰਾਸ਼ਟਰੀ ਵਪਾਰ 'ਤੇ ਬੁਰਾ ਅਸਰ ਪੈ ਸਕਦਾ ਹੈ। 
ਯੂਰਪੀ ਸੰਘ ਦੀਆਂ ਪੰਜ ਪ੍ਰਮੁੱਖ ਅਰਥ ਵਿਵਸਥਾਵਾਂ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਦੇ ਵਿੱਤ ਮੰਤਰੀਆਂ ਨੇ ਇਸ ਸੰਬੰਧ ਵਿਚ ਅਮਰੀਕਾ ਦੇ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਅਮਰੀਕਾ ਨੂੰ ਇਸ ਤਰ੍ਹਾਂ ਦੇ ਕਰ ਬਦਲਾਆਂ ਨੂੰ ਲਾਗੂ ਕਰਨ ਤੋਂ ਸਾਵਧਾਨ ਕੀਤਾ ਹੈ। ਅਮਰੀਕਾ ਦੇ ਰੀਪਬਲਿਕਨ ਸੰਸਦੀ ਮੈਂਬਰ ਅਤੇ ਸੈਨੇਟ ਇਨ੍ਹਾਂ ਕਰ ਸੁਧਾਰਾਂ ਨੂੰ ਅਖੀਰੀ ਰੂਪ ਦੇਣ ਵਿਚ ਲੱਗੇ ਹਨ। ਸਮਝਿਆ ਜਾਂਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ ਦੀ ਸਮਾਪਤੀ ਤੋਂ ਪਹਿਲਾਂ ਇਸ ਫੈਸਲੇ 'ਤੇ ਦਸਤਖਤ ਕਰ ਸਕਦੇ ਹਨ। ਇਨ੍ਹਾਂ ਕਰ ਬਦਲਾਆਂ ਵਿਚ ਕੰਪਨੀਆਂ ਅਤੇ ਕਾਰੋਬਾਰੀਆਂ ਲਈ ਕਰ ਦਰਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਜਦਕਿ ਨਿੱਜੀ ਕਰ ਵਿਚ ਹੋਣ ਵਾਲੀਆਂ ਕਈ ਕਟੌਤਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ।


Related News