ਪਾਕਿ ''ਚ ਚੀਨੀ ਰਾਜਦੂਤ ਦੀ ਜਾਨ ਨੂੰ ਖਤਰਾ, ਚੀਨ ਨੇ ਮੰਗੀ ਸੁਰੱਖਿਆ

10/22/2017 6:50:35 PM

ਬੀਜਿੰਗ— ਚੀਨ ਨੇ ਇਸਲਾਮਾਬਾਦ 'ਚ ਆਪਣੇ ਨਵੇਂ ਨਿਯੁਕਤ ਕੀਤੇ ਰਾਜਦੂਤ ਨੂੰ ਇਕ ਅੱਤਵਾਦੀ ਸੰਗਠਨ ਤੋਂ ਮਿਲੀ ਧਮਕੀ ਦੇ ਮੱਦੇਨਜ਼ਰ ਪਾਕਿਸਤਾਨ ਨੂੰ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਚੀਨੀ ਦੂਤਘਰ ਨੇ 19 ਅਕਤੂਬਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ। ਉਸ ਨੇ ਪੱਤਰ 'ਚ ਲਿੱਖਿਆ ਸੀ ਕਿ ਇਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ 'ਈਸਟ ਤੁਰਕਮੇਨਿਸਤਾਨ ਇੰਡੀਪੈਂਡੇਂਟ ਮੂਵਮੈਂਟ' ਦਾ ਇਕ ਮੈਂਬਰ ਉਸ ਦੇ ਰਾਜਦੂਤ ਦਾ ਕਤਲ ਕਰਨ ਲਈ ਪਾਕਿਸਤਾਨ 'ਚ ਦਾਖਲ ਹੋ ਗਿਆ ਹੈ।
ਸਥਾਨਕ ਮੀਡੀਆ ਨੂੰ ਉਪਲੱਬਧ ਕਰਵਾਇਆ ਗਿਆ ਇਹ ਪੱਤਰ ਅਰਬਾਂ ਡਾਲਰ ਦੀ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਯੋਜਨਾ ਦੇ ਮੁੱਖ ਕਰਤਾ-ਧਰਤਾ ਪਿੰਗ ਯਿੰਗ ਫੀ ਨੇ ਲਿੱਖਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਰਾਜਦੂਤ ਦੀ ਸੁਰੱਖਿਆ ਵਾਧਾਉਣ ਦੀ ਅਪੀਲ ਕੀਤੀ ਹੈ। ਪੱਤਰ ਦੇ ਮੁਤਾਬਕ ਇਸ ਨਾਲ ਨਾ ਸਿਰਫ ਅੱਤਵਾਦੀਆਂ ਦੀ ਨਾਪਾਕ ਸਾਜ਼ਿਸ਼ ਨੂੰ ਅਸਫਲ ਕਰਨ 'ਚ ਮਦਦ ਹੀ ਨਹੀਂ ਮਿਲੇਗੀ, ਬਲਕਿ ਇਸ 'ਚ ਸ਼ਾਮਲ ਹੋਰ ਅੱਤਵਾਦੀਆਂ ਦਾ ਪਤਾ ਲਗਾਉਣ 'ਚ ਵੀ ਮਦਦ ਮਿਲੇਗੀ।
ਚੀਨ ਨੇ ਯਾਓ ਜਿੰਗ ਨੂੰ ਪਾਕਿਸਤਾਨ 'ਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਉਹ ਪਹਿਲਾਂ ਅਫਗਾਨਿਸਤਾਨ 'ਚ ਚੀਨ ਦੇ ਰਾਜਦੂਤ ਰਹਿ ਚੁੱਕੇ ਹਨ। ਯਾਓ ਪਾਕਿਸਤਾਨ 'ਚ ਸੂਨ ਵੀਡੋਂਗ ਦੀ ਥਾਂ ਲੈਣਗੇ। ਵੀਡੋਂਗ ਤਿੰਨ ਸਾਲ ਤੱਕ ਪਾਕਿਸਤਾਨ 'ਚ ਚੀਨੀ ਰਾਜਦੂਤ ਰਹੇ ਹਨ ਤੇ ਹੁਣ ਉਹ ਚੀਨ ਪਰਤ ਗਏ ਹਨ। ਈਸਟ ਤੁਰਕਮੇਨਿਸਤਾਨ ਇੰਡੀਪੈਂਡੇਂਟ ਮੂਵਮੈਂਟ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਚੀਨ ਦੇ ਸ਼ਿਨਜਿਯਾਂਗ ਇਲਾਕੇ 'ਚ ਸਰਗਰਮ ਹੈ। ਪਾਕਿਸਤਾਨ 'ਚ ਚੀਨੀ ਅਧਿਕਾਰੀਆਂ ਦੀ ਸੁਰੱਖਿਆ ਇਕ ਵੱਡਾ ਮੁੱਦਾ ਹੈ ਤੇ ਫੌਜ ਨੂੰ ਸੀ.ਪੀ.ਈ.ਸੀ. ਸਮੇਤ ਵੱਖ-ਵੱਖ ਪਰਿਯੋਜਨਾਵਾਂ 'ਚ ਕੰਮ ਕਰ ਰਹੇ ਚੀਨੀਆਂ ਦੀ ਸੁਰੱਖਿਆ ਦਾ ਜ਼ਿੰਮਾਂ ਸੌਂਪਿਆ ਗਿਆ ਹੈ।


Related News