ਇੰਗਲੈਂਡ ਦੇ ਜੰਮਪਲ ਬੱਚਿਆਂ ਨੇ ਬੀਕਾਸ ਦੇ 28ਵੇਂ ਕਵੀ ਦਰਬਾਰ ਨੂੰ ਲਾਏ ਚਾਰ ਚੰਨ

10/17/2017 5:04:24 AM

ਲੰਡਨ (ਮਨਦੀਪ ਖੁਰਮੀ)— ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ. ਆਫ਼ ਸਿੱਖਜ਼ (ਬੀਕਾਸ) ਬਰੈਡਫੋਰਡ ਵੱਲੋਂ 28ਵਾਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਹੀਦ ਊਧਮ ਸਿੰਘ ਹਾਲ 'ਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ । ਇਸ ਦੌਰਾਨ ਬੱਚਿਆਂ ਦੇ ਕਵੀ ਦਰਬਾਰ 'ਚ ਆਪਣੇ ਤੋਤਲੇ ਬੋਲਾਂ ਰਾਹੀਂ ਕੋਮਲ ਕੌਰ, ਦਿਲਰਾਜ ਕੌਰ, ਸਰਵੰਸ ਸਿੰਘ, ਜਸਕੀਰਤ ਸਿੰਘ, ਸਿਮਰਨ ਕੌਰ ਸੇਖੋਂ, ਹਰਲੀਨ ਕੌਰ, ਤਰਨਜੀਤ ਸਿੰਘ, ਹਿੰਮਤ ਖੁਰਮੀ, ਕੀਰਤ ਖੁਰਮੀ, ਸਤਕਿਰਨ ਕੌਰ, ਰਮਨਦੀਪ ਕੌਰ, ਜਯਾ ਪ੍ਰੀਤ ਕੌਰ, ਗੁਰਮਨ ਸਿੰਘ ਤੇ ਪ੍ਰੀਤੀ ਕੌਰ ਨੇ ਦਰਸਾ ਦਿੱਤਾ ਕਿ ਜੇਕਰ ਮਾਪੇ ਸੁਹਿਰਦ ਹੋਣ ਤਾਂ ਪੰਜਾਬੀ ਬੋਲੀ ਦੁਨੀਆ 'ਚ ਕਿਸੇ ਵੀ ਜਗ੍ਹਾ ਜ਼ਿੰਦਾਬਾਦ ਰਹਿ ਸਕਦੀ ਹੈ। ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਸਨਮਾਨ ਵਜੋਂ ਨਕਦ ਰਾਸ਼ੀ ਭੇਟ ਕੀਤੀ ਗਈ । 
ਸਮਾਗਮ ਦੀ ਪ੍ਰਧਾਨਗੀ ਜੱਗੀ ਕੁੱਸਾ, ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ ਤੇ ਰਣਵੀਰ ਸਿੰਘ ਰਾਏ ਨੇ ਕੀਤੀ । ਦੂਜੇ ਦੌਰ ਦੀ ਸ਼ੁਰੂਆਤ ਮੰਚ ਸੰਚਾਲਕ ਕਸ਼ਮੀਰ ਸਿੰਘ ਘੁੰਮਣ ਵੱਲੋਂ ਬਿੰਦਰ ਜਾਨ ਏ ਸਾਹਿਤ ਦੀ ਰਚਨਾ 'ਲਿਖਣ ਲੱਗਿਆਂ ਸੋਚ ਕੇ ਲਿਖੀਂ' ਰਾਹੀਂ ਕੀਤੀ ਗਈ । ਉਪਰੰਤ ਪ੍ਰਸਿੱਧ ਕਵੀ ਮਨਜੀਤ ਸਿੰਘ ਕਮਲਾ, ਗੁਰਸ਼ਰਨ ਸਿੰਘ ਜ਼ੀਰਾ, ਦੀਪਕ ਪਾਰਸ, ਮਨਜੀਤ ਸਿੰਘ ਚੀਮਾ, ਤਾਰਾ ਸਿੰਘ ਆਧੀਵਾਲਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਮਹਿੰਦਰ ਸਿੰਘ ਦਿਲਬਰ, ਰਾਜਵਿੰਦਰ ਸਿੰਘ, ਜੱਗੀ ਆਦਿ ਨੇ ਆਪਣੇ ਕਲਾਮਾਂ ਰਾਹੀਂ ਹਾਜ਼ਰੀਨ ਨੂੰ ਕੀਲੀ ਰੱਖਿਆ । ਇਸ ਮੌਕੇ ਨਰਿੰਦਰ ਸਿੰਘ ਧਾਮੀ ਤੇ ਮੁਕੇਸ਼ ਨੇ ਚੁਟਕਲਿਆਂ ਰਾਹੀਂ ਢਿੱਡੀਂ ਪੀੜਾਂ ਪਾਈਆਂ। ਇਸ ਦੌਰਾਨ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਪੁਸਤਕ 'ਇਟਲੀ ਦੇ ਸਿੱਖ ਫੌਜ਼ੀ' ਵੀ ਲੋਕ ਅਰਪਣ ਕੀਤੀ ਗਈ । ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ ਵੱਲੋਂ ਹਾਜ਼ਰੀਨ, ਬੱਚਿਆਂ ਤੇ ਕਵੀਜਨਾਂ ਦਾ ਧੰਨਵਾਦ ਕੀਤਾ ਗਿਆ।


Related News