ਇਟਲੀ ਦੇ 'ਸ਼੍ਰੀ ਗੁਰੂ ਰਵਿਦਾਸ ਟੈਂਪਲ' 'ਚ ਮਨਾਇਆ ਗਿਆ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ

10/15/2017 1:52:23 PM

ਰੋਮ, (ਕੈਂਥ)— ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ)ਵਿਖੇ ਮਹਾਨ ਤਪੱਸਵੀ ,ਦੂਰਦਰਸ਼ੀ, ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ'' ਦੇ ਰਚਨਾਕਾਰ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪ੍ਰਗਟ ਦਿਵਸ ਸਮਾਗਮ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਦੇ ਭੋਗ ਪੈਣ ਉਪਰੰਤ ਸਟੇਜ ਸਕੱਤਰ ਸ਼੍ਰੀ ਕੁਲਜਿੰਦਰ ਬਬਲੂ ਨੇ ਸਟੇਜ ਦੀ ਆਰੰਭਤਾ ਕਰਦਿਆਂ ਸੰਗਤ ਨੂੰ ਬ੍ਰਹਮ ਗਿਆਨੀ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈ ਦਿੱਤੀਆਂ।

PunjabKesari

ਇਸ ਮੌਕੇ ਜਸਵੀਰ ਚੌਹਾਨ ਅਤੇ ਮਨੋਜ ਮਹਿਮੀ ਨੇ ਸ਼ਬਦ ਗਾਇਨ ਦੁਆਰਾ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਈ। ਪ੍ਰਗਟ ਦਿਵਸ ਸਮਾਰੋਹ ਮੌਕੇ ਛੋਟੇ-ਛੋਟੇ ਬੱਚੇ ਡੇਜੀ ਅਹੀਰ ਅਤੇ ਜਸਕੁਲ ਅਹੀਰ ਨੇ ਆਪਣੇ ਮਿੱਠੀ ਆਵਾਜ਼ ਨਾਲ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਨ੍ਹਾਂ ਤੋਂ ਬਾਅਦ ਸ਼੍ਰੀ ਅਜਮੇਰ ਕਲੇਰ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਗਰੀਬ ਗੁਰਬਿਆਂ ਦੀ ਦਸ਼ਾ ਸੁਧਾਰਣ ਲਈ ਕੀਤੇ ਸੰਘਰਸ਼ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਭਾਰਤ ਤੋਂ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਮਾਗਮ ਲਈ ਉਚੇਚੇ ਤੌਰ 'ਤੇ ਆਈ ਸੰਤ ਬੀਬੀ ਕ੍ਰਿਸ਼ਨਾ ਜੀ ਨੇ ਸੰਗਤਾਂ ਨੂੰ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਕਰਨ ਲਈ ਭਗਵਾਨ ਬਾਲਮੀਕ ਜੀ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਅਮਲ ਕਰਨਾ ਚਾਹੀਦਾ ਹੈ। ਇਸ ਪ੍ਰਗਟ ਦਿਵਸ ਸਮਾਰੋਹ ਦੀ ਸੰਗਤਾਂ ਨੂੰ ਵਿਸ਼ੇਸ਼ ਮੁਬਾਰਕਬਾਦ ਦਿੰਦਿਆਂ ਸ਼੍ਰੀ ਜਸਵੀਰ ਬੱਬੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਨੇ ਕਿਹਾ ਕਿ ਭਗਵਾਨ ਬਾਲਮੀਕ ਜੀ ਦੀ ਮਹਾਨ ਤਪੱਸਿਆ ਸਮੁੱਚੇ ਜਗਤ ਲਈ ਪ੍ਰੇਰਨਾ ਸ੍ਰੋਤ ਹੈ ।ਭਗਵਾਨ ਜੀ ਵਲੋਂ ਰਚਿਤ ਮਹਾਨ ਧਾਰਮਿਕ ਗ੍ਰੰਥ “ਸ਼੍ਰੀ ਰਮਾਇਣ'' ਪੂਰੀ ਦੁਨੀਆਂ ਲਈ ਮਾਰਗ ਦਰਸ਼ਕ ਹੈ। ਇਸ ਮੌਕੇ ਸੰਤ ਬੀਬੀ ਕ੍ਰਿਸ਼ਨਾ ਦੇਵੀ ਅਤੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


Related News