ਜਲਿਆਂਵਾਲਾ ਬਾਗ ਕਾਂਡ: ਬ੍ਰਿਟਿਸ਼ ਸਰਕਾਰ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ

12/10/2017 1:50:03 PM

ਲੰਡਨ (ਬਿਊਰੋ)— ਬ੍ਰਿਟੇਨ ਨੇ ਲੰਡਨ ਦੇ ਮੇਅਰ ਸਾਦਿਕ ਖਾਨ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਲਿਆਂਵਾਲਾ ਬਾਗ ਕਤਲੇਆਮ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਵਿਦੇਸ਼ੀ ਦਫਤਰ ਨੇ ਮਾਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਜਗ੍ਹਾ 4 ਸਾਲ ਪਹਿਲਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੈਵਿਟ ਕੈਮਰਨ ਦੇ ਬਿਆਨ ਨੂੰ ਦੁਹਰਾਇਆ ਹੈ, ਜਿਸ ਵਿਚ ਉਨ੍ਹਾਂ ਨੇ ਜਲਿਆਂਵਾਲਾ ਬਾਗ ਕਾਂਡ ਦੀ ਨਿੰਦਾ ਕਰਦੇ ਹੋਏ ਉਸ ਨੂੰ ਬਹੁਤ ਸ਼ਰਮਨਾਕ ਕੰਮ ਦੱਸਿਆ ਸੀ। 
ਇਕ ਅੰਗਰੇਜੀ ਅਖਬਾਰ ਮੁਤਾਬਕ ਵਿਦੇਸ਼ੀ ਦਫਤਰ ਨੇ ਕਿਹਾ,''ਸਾਬਕਾ ਪ੍ਰਧਾਨ ਮੰਤਰੀ ਨੇ ਸਾਲ 2013 ਵਿਚ ਜਲਿਆਂ ਵਾਲੇ ਬਾਗ ਦੇ ਕਤਲੇਆਮ ਨੂੰ ਬ੍ਰਿਟੇਨ ਦੇ ਇਤਿਹਾਸ ਵਿਚ ਬਹੁਤ ਸ਼ਰਮਨਾਕ ਕੰਮ ਦੱਸਿਆ ਸੀ ਅਤੇ ਨਾਲ ਹੀ ਅਜਿਹੀ ਘਟਨਾ ਦੱਸਿਆ ਸੀ, ਜਿਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ।'' ਬਿਆਨ ਮੁਤਾਬਕ,''ਇਹ ਸਹੀ ਹੈ ਕਿ ਅਸੀਂ ਮਰਨ ਵਾਲਿਆਂ ਪ੍ਰਤੀ ਸਨਮਾਨ ਰੱਖਦੇ ਹਾਂ ਅਤੇ ਘਟਨਾ ਨੂੰ ਯਾਦ ਰੱਖਦੇ ਹਾਂ। ਬ੍ਰਿਟਿਸ਼ ਸਰਕਾਰ ਇਸ ਘਟਨਾ ਦੀ ਨਿੰਦਾ ਕਰਦੀ ਹੈ।'' ਲੰਡਨ ਦੇ ਮੇਅਰ ਸਾਦਿਕ ਖਾਨ ਨੇ ਆਪਣੇ ਅੰਮ੍ਰਿਤਸਰ ਦੌਰੇ 'ਤੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਜਲਿਆਂਵਾਲੇ ਬਾਗ ਵਿਚ ਕੀਤੇ ਕਤਲੇਆਮ ਲਈ ਮਾਫੀ ਮੰਗੇ। ਪਾਕਿਸਤਾਨੀ ਮੂਲ ਦੇ ਸਾਦਿਕ ਖਾਨ ਅਤੇ ਭਾਰਤ ਅਤੇ ਪਾਕਿਸਤਾਨ ਦੇ ਤਿੰਨ-ਤਿੰਨ ਸ਼ਹਿਰਾਂ ਦੀ ਅਧਿਕਾਰਿਕ ਯਾਤਰਾ ਦੇ ਤਹਿਤ ਅੰਮ੍ਰਿਤਸਰ ਆਏ ਸਨ।


Related News