ਕੈਨੇਡੀਅਨ ਜੋੜੇ ਨੇ ਮਨਾਈ ਵਿਆਹ ਦੀ 70ਵੀਂ ਵਰ੍ਹੇਗੰਢ, ਸਾਂਝੀ ਕੀਤੀ ਦਿਲ ਦੀ ਗੱਲ

10/23/2017 6:38:40 PM

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਰਹਿੰਦੇ ਜੋੜੇ ਨੇ ਆਪਣੇ ਵਿਆਹ ਦੀ 70ਵੀਂ ਵਰ੍ਹੇਗੰਢ ਮਨਾਈ। ਬੈਟੀ ਅਤੇ ਮਾਰਟਿਨ ਕਰਿਸ ਦਾ ਵਿਆਹ 22 ਅਕਤਬੂਰ, 1947 ਨੂੰ ਸਸਕੈਚਵਾਨ ਦੇ ਪਿੰਡ ਕੇਂਡਲ 'ਚ ਹੋਇਆ ਸੀ। ਮਾਰਟਿਨ ਆਪਣੇ ਘਰ 'ਚ ਬੈਠੇ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਉਹ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਸਿਰਫ ਯਾਦਾਂ, ਚੁਣੌਤੀਆਂ ਅਤੇ ਅੱਗੇ ਵਧਣ ਲਈ ਰਾਹ 'ਚ ਜੋ ਸਿੱਖਣ ਨੂੰ ਮਿਲਿਆ, ਉਹ ਸਭ ਕੁਝ ਅੱਜ ਚੇਤੇ ਆ ਗਿਆ। 
ਮਾਰਟਿਨ ਅਤੇ ਬੈਟੀ ਇਕ-ਦੂਜੇ ਤੋਂ ਸਿਰਫ 8 ਮੀਲ ਦੀ ਦੂਰੀ 'ਤੇ ਰਹਿੰਦੇ ਸਨ, ਜਿਸ ਦਾ ਵਰਣਨ ਉਨ੍ਹਾਂ ਨੇ ਕੀਤਾ ਹੈ। ਦੋਵੇਂ ਹਫਤੇ ਦੇ ਅਖੀਰ 'ਚ ਟਾਊਨ 'ਚ ਡਾਂਸ ਦੇਖਣ ਲਈ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਉਨ੍ਹਾਂ ਦਰਮਿਆਨ ਪਿਆਰ ਹੋਇਆ। ਮਾਰਟਿਨ ਨੇ ਦੱਸਿਆ ਕਿ ਉਹ ਬੈਟੀ ਨੂੰ ਪਸੰਦ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬੈਟੀ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ ਅਤੇ ਇਹ ਸੁਣ ਕੇ ਬੈਟੀ ਹੈਰਾਨ ਰਹਿ ਗਈ। ਮਾਰਟਿਨ ਨੇ ਦੱਸਿਆ ਕਿ ਅਸੀਂ ਸਿਰਫ 1 ਸਾਲ ਦਰਮਿਆਨ ਇਕ-ਦੂਜੇ ਨੂੰ ਜਾਣਿਆ ਅਤੇ ਦੋਹਾਂ ਨੇ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ। ਦੋਹਾਂ ਦੇ ਪਰਿਵਾਰਾਂ ਨੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ। 
ਬੈਟੀ ਦੱਸਦੀ ਹੈ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਨਾਲ 11 ਹੋਰ ਜੋੜਿਆਂ ਦਾ ਵੀ ਟਾਊਨ 'ਚ ਵਿਆਹ ਹੋਇਆ। ਉਸ ਦਿਨ ਨੂੰ ਯਾਦ ਕਰ ਕੇ ਬੈਟੀ ਦੱਸਦੀ ਹੈ ਕਿ ਘਰ 'ਚ ਹਰ ਕੋਈ ਖੁਸ਼ ਸੀ। ਇਸ ਕੈਨੇਡੀਅਨ ਜੋੜੇ ਨੇ ਕਿਹਾ ਕਿ ਉਮਰ ਦੇ ਇਸ ਪੜਾਅ 'ਚ ਉਹ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ ਹਨ ਤਾਂ ਖੁਸ਼ ਹੁੰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਸਬਕ ਸਿਖੇ। ਜੋੜੇ ਨੇ ਦੱਸਿਆ ਕਿ ਵਿਆਹ ਦੇ 70 ਸਾਲ ਇਕ ਖਜਾਨੇ ਵਾਂਗ ਸਨ। ਮਾਰਟਿਨ ਆਪਣੀ ਪਤਨੀ ਬੈਟੀ ਵੱਲ ਦੇਖ ਕੇ ਮੁਸਕਰਾਉਂਦੇ ਹਨ ਅਤੇ ਕਹਿੰਦੇ ਕਿ ਅਸੀਂ ਹਮੇਸ਼ਾ ਇਕੱਠੇ ਰਹਾਂਗੇ।


Related News