ਕੈਨੇਡਾ ਨੇ ਖੋਲ੍ਹੇ ਵਿਦਿਆਰਥੀਆਂ ਲਈ ਦਰਵਾਜ਼ੇ, ਚੰਡੀਗੜ੍ਹ ਤੋਂ ਵੀਜ਼ੇ ਲਈ ਨਹੀਂ ਹੁੰਦੀ ਨਾਂਹ!

06/25/2017 11:57:22 AM

ਟੋਰਾਂਟੋ— ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਇਹ ਕਹਿਣਾ ਹੈ ਉਥੋਂ ਦੇ ਇੰਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਦਾ। ਹੁਸੈਨ ਨੇ ਬੀਤੇ ਕੱਲ੍ਹ ਟੋਰਾਂਟੋ 'ਚ ਇਕ ਵਿਸ਼ੇਸ਼ ਮੁਲਾਕਾਤ ਮੌਕੇ ਦੱਸਿਆ ਕਿ ਪੜ੍ਹਾਈ ਮਗਰੋਂ ਵਿਦਿਆਰਥੀਆਂ ਦੇ ਕੈਨੇਡਾ ਵਿਚ ਪੱਕੇ ਹੋਣਾ ਪਹਿਲਾਂ ਦੇ ਮੁਕਾਬਲੇ ਆਸਾਨ ਕਰ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਚੰਡੀਗੜ੍ਹ ਅਤੇ ਨਵੀਂ ਦਿੱਲੀ ਤੋਂ ਕੈਨੇਡਾ ਦੇ ਵੀਜ਼ਾ ਨਾਂਹ ਹੋਣ ਦੀ ਦਰ ਵਿਚ ਕਮੀ ਆ ਚੁੱਕੀ ਹੈ ਅਤੇ ਹਰੇਕ ਤਰ੍ਹਾਂ ਦੇ ਵੀਜ਼ਾ ਦੀ ਸਰਵਿਸ ਨਿਰਵਿਘਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋ ਕੁ ਸਾਲ ਪਹਿਲਾਂ ਤੱਕ ਸਿਰਫ 40 ਫੀਸਦੀ ਅਰਜ਼ੀਕਰਤਾਵਾਂ ਨੂੰ ਵੀਜ਼ਾ ਮਿਲਦਾ ਸੀ, ਜਦਕਿ ਹੁਣ ਇਹ ਦਰ 60 ਫੀਸਦੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਟਾਫ ਅਤੇ ਤਕਨੀਕੀ ਪ੍ਰਬੰਧ ਵਧਾਉਣ ਨਾਲ ਅਰਜ਼ੀਆਂ ਦਾ ਨਿਪਟਾਰਾ ਜਲਦੀ ਕੀਤਾ ਜਾਣ ਲੱਗਾ ਹੈ, ਜਿਸ ਨਾਲ ਵਿਸ਼ੇਸ਼ ਤੌਰ 'ਤੇ ਵਿਆਹਾਂ ਦੇ ਕੇਸਾਂ ਦਾ ਫੈਸਲਾ ਜਲਦੀ ਹੁੰਦਾ ਹੈ ਤਾਂ ਪਰਿਵਾਰਾਂ ਨੂੰ ਇਕੱਠੇ ਕਰਨ ਵਿਚ ਮਦਦ ਮਿਲ ਰਹੀ ਹੈ। 
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਵਾਸੀਆਂ ਦਾ ਪਰਮਾਨੈਂਟ ਰੈਜ਼ੀਡੈਂਟ ਕਾਰਡ ਨਵਾਂ ਬਣਾਉਣ ਦਾ ਸਮਾਂ ਵੀ 18 ਮਹੀਨਿਆਂ ਤੋਂ ਘਟਾ ਕੇ ਦੋ ਕੁ ਮਹੀਨੇ ਕਰ ਦਿੱਤਾ ਗਿਆ ਹੈ। ਹਾਲ ਹੀ ਵਿਚ ਬਿੱਲ ਸੀ-6 ਰਾਹੀਂ ਸਿਟੀਜ਼ਨਸ਼ਿਪ ਐਕਟ ਵਿਚ ਕੀਤੀ ਗਈ ਸੋਧ ਬਾਰੇ ਉਨ੍ਹਾਂ ਕਿਹਾ ਕਿ ਚੋਣ ਵਾਅਦਿਆਂ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਦੀ ਨਾਗਰਿਕਤਾ ਲੈਣ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਲੋੜੀਂਦੀਆਂ ਸੋਧਾਂ ਬੀਤੀ 19 ਜੂਨ ਨੂੰ ਲਾਗੂ ਕਰ ਦਿੱਤੀਆਂ ਹਨ। ਅਗਲੇ 4 ਕੁ ਮਹੀਨਿਆਂ ਵਿਚ ਕਾਨੂੰਨ ਦੀਆਂ ਸਾਰੀਆਂ ਮਦਾਂ ਲਾਗੂ ਹੋ ਜਾਣਗੀਆਂ,  ਜਿਸ ਨਾਲ 18 ਸਾਲ ਤੋਂ ਘੱਟ ਅਤੇ 54 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੈਸਟ ਪਾਸ ਕੀਤੇ ਬਿਨਾਂ ਨਾਗਿਰਕਤਾ ਮਿਲਿਆ ਕਰੇਗੀ। ਇਹ ਵੀ ਕਿ ਸਿਟੀਜ਼ਨਸ਼ਿਪ ਐਕਟ ਰਾਹੀਂ ਕੈਨੇਡਾ ਦੇ ਸਾਰੇ ਨਾਗਰਿਕਾਂ ਨੂੰ ਇਕਸਾਰ ਬਰਾਬਰਤਾ ਦਾ ਦਰਜਾ ਮਿਲਿਆ ਕਰੇਗਾ ਅਤੇ ਅਪਰਾਧੀਆਂ ਦੀ ਨਾਗਰਿਕਤਾ ਖੋਹੀ ਨਹੀਂ ਜਾ ਸਕੇਗੀ। ਨਾ ਹੀ ਕਿਸੇ ਨਾਗਰਿਕ ਨੂੰ ਸਦਾ ਕੈਨੇਡਾ ਵਿਚ ਰਹਿਣ ਦਾ ਕੋਈ ਅਹਿਦਨਾਮਾ ਭਰਨ ਦੀ ਲੋੜ ਹੈ। ਮੰਤਰੀ ਹੁਸੈਨ ਨੇ ਕਿਹਾ ਕਿ ਪਿਛਲੀ ਕੈਨੇਡਾ ਸਰਕਾਰ ਨੇ ਕੈਨੇਡਾ ਦੀ ਨਾਗਰਿਕਤਾ ਦੇ ਰਾਹ 'ਚ ਕਈ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੋਰ ਪੱਛਮੀ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਦੀ ਸਿਟੀਜ਼ਨਸ਼ਿਪ ਫੀਸ (630 ਡਾਲਰ) ਸਭ ਤੋਂ ਘੱਟ ਹੈ।


Kulvinder Mahi

News Editor

Related News