ਇਸ ਮਾਮਲੇ ਵਿਚ ਕੈਨੇਡਾ ਟਾਪ 20 ਦੇਸ਼ਾਂ ਦੀ ਸੂਚੀ ''ਚੋਂ ਹੋਇਆ ਬਾਹਰ, ਭਾਰਤ ਦੀ ਹਾਲਤ ਹੈ ਸ਼ਰਮਨਾਕ (ਦੇਖੋ ਤਸਵੀਰਾਂ)

04/28/2017 1:43:20 PM

ਓਟਾਵਾ— ਦੁਨੀਆ ਦੇ ਪ੍ਰਸਿੱਧ ਅਤੇ ਖੁਸ਼ਗਵਾਰ ਦੇਸ਼ਾਂ ਵਿਚ ਸ਼ਾਮਲ ਕੈਨੇਡਾ ਨੂੰ ਲੈ ਕੇ ਇਕ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ। ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਕੈਨੇਡਾ ਸਿਖਰ 20 ਦੇਸ਼ਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ ਅਤੇ 22 ਸਥਾਨ ''ਤੇ ਪਹੁੰਚ ਗਿਆ ਹੈ। ਕੈਨੇਡਾ ਬੀਤੇ ਸਾਲ ਨਾਲੋਂ 4 ਸਥਾਨ ਖਿਸਕਿਆ ਹੈ। ਇਸ ਦਾ ਵੱਡਾ ਕਾਰਨ ਕੈਨੇਡਾ ਵਿਚ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾਣਾ ਦੱਸਿਆ ਜਾ ਰਿਹਾ ਹੈ। ਇੱਥੇ ਪੱਤਰਕਾਰਾਂ ਦੀ ਜਾਸੂਸੀ ਹੋ ਰਹੀ ਹੈ ਅਤੇ ਪੱਤਰਕਾਰਾਂ ਕੋਲੋਂ ਖ਼ਬਰਾਂ ਦੇ ਸੂਤਰ ਮੰਗੇ ਜਾ ਰਹੇ ਹਨ। ਇਹ ਸੂਚੀ ਮੀਡੀਆ ਫਰੀਡਮ ''ਰਿਪੋਰਟਰਜ਼ ਵਿਦਾਊਟ ਬਾਰਡਰਜ਼'' (ਆਰ. ਐੱਸ. ਐੱਫ.) ਨੇ ਜਾਰੀ ਕੀਤੀ ਹੈ। ਇਸ ਮਾਮਲੇ ਵਿਚ ਭਾਰਤ ਦੀ ਹਾਲਤ ਬਹੁਤ ਹੀ ਸ਼ਰਮਨਾਕ ਹੈ। ਭਾਰਤ 180 ਦੇਸ਼ਾਂ ਦੀ ਇਸ ਸੂਚੀ ਵਿਚ 136ਵੇਂ ਸਥਾਨ ''ਤੇ ਹੈ, ਜੋ ਕਿ ਬੇਹੱਦ ਸ਼ਰਮਨਾਕ ਹੈ।
ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਨਾਰਵੇ ਪਹਿਲੇ ਸਥਾਨ ''ਤੇ ਰਿਹਾ ਜਦੋਂ ਕਿ ਉੱਤਰੀ ਕੋਰੀਆ ਇਸ ਸੂਚੀ ਵਿਚ ਸਭ ਤੋਂ ਹੇਠਾਂ 180ਵੇਂ ਸਥਾਨ ''ਤੇ ਹੈ। ਅਮਰੀਕਾ ਇਸ ਮਾਮਲੇ ਵਿਚ 2 ਸਥਾਨ ਖਿਸਕ ਕੇ 43 ਸਥਾਨ ''ਤੇ ਰਿਹਾ। ਆਰ. ਐੱਸ. ਐੱਫ. ਦੇ ਡਾਇਰੈਕਟਰ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਪ੍ਰੈੱਸ ਦੀ ਸਥਿਤੀ ਚਿੰਤਾਜਨਕ ਹੈ। ਕੈਨੇਡਾ ਵਿਚ ਬੀਤੇ ਸਾਲ ਪ੍ਰੈੱਸ ਨਾਲ ਸੰਬੰਧਤ ਕਈ ਤਰ੍ਹਾਂ ਦੇ ਸਕੈਂਡਲ ਹੋਏ। ਕਿਊਬਿਕ ਦੀ ਪੁਲਸ ਵੱਲੋਂ ਛੇ ਪੱਤਰਕਾਰਾਂ ਦੀ ਜਾਸੂਸੀ, ਰਿਪੋਰਟਰ ਦਾ ਕੰਪਿਊਟਰ ਖੋਹਣਾ, ਪੱਤਰਕਾਰਾਂ ਦੇ ਮੋਬਾਈਲ ਫੋਨ ਚੈੱਕ ਕਰਨ ਲਈ ਵਾਰੰਟ ਜਾਰੀ ਕਰਨਾ ਆਦਿ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਕਰਕੇ ਕੈਨੇਡਾ ਇਸ ਸੂਚੀ ਵਿਚ ਸਿਖਰ ਦੇ 20 ਦੇਸ਼ਾਂ ਵਿਚ ਵੀ ਸ਼ਾਮਲ ਨਹੀਂ ਹੋ ਸਕਿਆ।

Kulvinder Mahi

News Editor

Related News