ਬ੍ਰਿਸਬੇਨ 'ਚ ਡਾ.ਸਤਿੰਦਰ ਸਰਤਾਜ ਨੇ ਮਹਿਫ਼ਿਲ 'ਚ ਬੰਨ੍ਹਿਆਂ ਰੰਗ

10/17/2017 3:31:28 PM

ਬ੍ਰਿਸਬੇਨ(ਸੁਰਿੰਦਰਪਾਲ ਸਿੰਘ ਖੁਰਦ)— ਸੰਗੀਤ ਦੀ ਦੁਨੀਆ 'ਚ ਧਰੂ ਤਾਰੇ ਦੀ ਤਰ੍ਹਾਂ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਸੂਫੀਆਨਾਂ ਤਰਬੀਅਤ ਦਾ ਮਾਲਕ, ਉੱਚ ਕੋਟੀ ਦਾ ਸ਼ਾਇਰ, ਪ੍ਰਸਿੱਧ ਗਾਇਕ ਤੇ ਅਦਾਕਾਰ ਸੁਰਾਂ ਤੇ ਹਰਫ਼ਾ ਦਾ ਸਰਤਾਜ ਡਾ. ਸਤਿੰਦਰ ਸਰਤਾਜ ਵੱਲੋਂ 'ਦੀ ਬਲੈਕ ਪ੍ਰਿੰਸ' ਟੂਰ ਵੱਲੋਂ ਵਿਸ਼ਵ ਭਰ 'ਚ ਸਫਲਤਾਪੂਰਵਕ ਆਯੋਜਨ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਜਾ ਰਹੇ ਹਨ। ਉਸੇ ਕੜੀ ਦੇ ਤਹਿਤ ਮੁੱਖ ਪ੍ਰਬੰਧਕ ਮਨਮੋਹਣ ਸਿੰਘ, ਬਲਕਾਰ ਸਿੰਘ ਤੇ ਤਿਰਲੋਕ ਸਿੰਘ ਵੱਲੋਂ ਅਵੈਥੀਆਂ ਕਾਲਜ, ਗਰੋ ਮਨੀ ਤੇ ਹੋਰ ਸਹਿਯੋਗੀਆਂ ਦੇ ਯਤਨਾ ਸਦਕਾ ਡਾ. ਸਤਿੰਦਰ ਸਰਤਾਜ ਦੀ ਸੂਫ਼ੀਆਨਾ ਸੰਗੀਤਕ ਮਹਿਫ਼ਿਲ ਐਗਲੀਕਨ ਕਾਲਜ ਫੋਰੈਸਟ ਲੇਕ ਦੇ ਖੂਬਸੁਰਤ ਆਡੀਟੋਰੀਅਮ 'ਚ ਆਯੋਜਿਤ ਕੀਤੀ ਗਈ। ਹਰਦਿਲ ਅਜੀਜ਼ ਤੇ ਬੁਲੰਦ ਅਵਾਜ਼ ਦੇ ਮਾਲਕ ਪ੍ਰਸਿੱਧ ਲੋਕ ਗਾਇਕ ਡਾ. ਸਤਿੰਦਰ ਸਰਤਾਜ ਨੇ ਜਦੋਂ ਮੰਚ 'ਤੇ ਸੰਗੀਤਕ ਧੁਨਾ ਦੇ ਨਾਲ ਦਸਤਕ ਦਿੱਤੀ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂੰਜ ਉੱਠਿਆ। ਸਰਤਾਜ ਨੇ ਸ਼ੁਰੂਆਤ ਬਾਬਾ ਫਰੀਦ ਦੇ ਸਲੋਕ ਤੇ ਆਪਣੇ ਪ੍ਰਸਿੱਧ ਗੀਤ 'ਸਾਈ' ਨਾਲ ਕੀਤੀ। ਉਪਰੰਤ 'ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, 'ਨਿੱਕੀ ਜਿਹੀ ਕੁੜੀ' 'ਔਖੀਆਂ ਕਮਾਈਆਂ ਕਰਨੀਆਂ', 'ਮੇਰਾ ਖੁਆਬਾ ਦਾ ਪਿੰਡ ਹੋਵੇ', ਸਰੋਤਿਆਂ ਨੂੰ ਜ਼ਿੰਦਗੀ ਦੀਆਂ ਮਿੱਠੀਆ ਤੇ ਤੱਲਖ਼ ਸੱਚਾਈਆਂ ਨੂੰ ਪੇਸ਼ ਕਰਦੇ ਗੀਤਾਂ ਨਾਲ ਬਹੁਤ ਹੀ ਭਾਵੁਕ ਕਰਦਿਆਂ ਵਤਨ ਦੀਆਂ ਅਤੀਤ ਦੀ ਯਾਦਾਂ ਦੇ ਸਮੁੰਦਰ ਵਿਚ ਮੋਹ ਭਿੱਜਾ ਕਰ ਦਿੱਤਾ ਅਤੇ ਮਾਹੋਲ ਨੂੰ ਫਿਰ ਰੰਗੀਨ ਬਣਾਉਣ ਲਈ 'ਦਿਲ ਪਹਿਲਾ ਜਿਹਾ ਨਹੀ ਰਿਹਾ', 'ਵੇ ਚੰਨਾ ਤੇਰੀ ਚਾਨਣੀ ਦਾ, ਸਾਨੂੰ ਮਿੱਠੜਾ ਲੱਗੇ ਪਰਛਾਵਾਂ', ਯਾਹਮਾ, 'ਹਜ਼ਾਰੇ ਵਾਲਾ ਮੁੰਡਾ' 'ਚੀਰੇ ਵਾਲਾ ਸਰਤਾਜ', ਆਦਿ ਅਨੇਕਾ ਗੀਤਾਂ ਤੇ ਸ਼ੇਅਰੋ-ਸ਼ਾਇਰੀ ਨਾਲ ਸਰੋਤੇ ਦੁਨੀਆਵੀ ਸਰੋਕਾਰਾਂ ਨੂੰ ਭੁੱਲ ਤਾੜੀਆਂ ਦੀ ਤਾਲ ਨਾਲ ਤਾਲ ਮਿਲਾ ਕੇ ਰੂਹਾਨੀ ਵੇਗ ਵਿਚ ਝੂੰਮਣ ਲਗਾ ਦਿੱਤੇ। ਇਸ ਤਿੰਨ ਘੰਟੇ ਚੱਲੀ ਸੂਫ਼ੀਆਨਾ ਮਹਿਫ਼ਿਲ ਦੌਰਾਨ ਰੂਹਾਨੀਅਤ ਦਾ ਅਹਿਸਾਸ, ਕੁਦਰਤ ਦੀ ਸਿਫਤ ਸਲਾਹ, ਸੱਭਿਆਚਾਰਕ ਦੇ ਰਵਾਇਤੀ ਲੋਕ ਤੱਥ, ਸਮਾਜ ਨੂੰ ਸੇਧ ਦੇਣ ਵਾਲੇ ਮਿਆਰੀ ਗੀਤਾਂ ਅਤੇ ਉੱਚ ਕੋਟੀ ਦੀ ਸ਼ਾਇਰੀ ਦੇ ਸੁਰਮਈ ਸੰਗੀਤਕ ਵੰਨਗੀਆਂ ਦੇ ਗੁਲਦਸਤੇ ਦਾ ਵੱਖਰਾ ਹੀ ਨਜ਼ਾਰਾਂ ਆਨੰਦਮਈ ਕਰਦਾ ਹੋਇਆ ਦਿਲੋ ਦਿਮਾਗ ਨੂੰ ਸਕੂਨ ਦੇ ਗਿਆ। ਸਰੋਤਿਆਂ ਦੀ ਪਰਿਵਾਰਾਂ ਸਮੇਤ ਭਰਵੀ ਹਾਜ਼ਰੀ ਨੇ ਇਹ ਦਰਸਾ ਦਿੱਤਾ ਕਿ ਮਿਆਰੀ ਤੇ ਸੱਭਿਆਚਾਰਕ ਗੀਤ ਤੇ ਸੰਗੀਤ ਸਾਡੀ ਰੂਹ ਦੀ ਖੁਰਾਕ ਹੈ, ਇਸ ਤਰ੍ਹਾਂ ਇਹ ਸੂਫ਼ੀਆਨਾ ਮਹਿਫ਼ਿਲ ਆਪਸੀ ਪਿਆਰ, ਏਕਤਾ ਤੇ ਸੱਦਭਾਵਨਾ ਦੀ ਸਾਂਝ ਨੂੰ ਹੋਰ ਵੀ ਪਰਿਪੱਕ ਕਰਦੀ ਹੋਈ ਅਮਿੱਟ ਯਾਦਾਂ ਛੱਡਦੀ ਹੋਈ ਨਵੀਂ ਤਵਾਰੀਖ਼ ਸਿਰਜ ਗਈ। ਇਸ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਡਾ. ਸਤਿੰਦਰ ਸਰਤਾਜ ਤੋਂ ਸਹਿਯੋਗੀਆਂ ਨੂੰ ਸਨਮਾਨਿਤ ਵੀ ਕਰਵਾਇਆ ਗਿਆ। ਮੰਚ ਦਾ ਸੰਚਾਲਨ ਨੀਰਜ ਪੋਪਲੀ ਵੱਲੋਂ ਸ਼ੇਅਰੋ-ਸ਼ਾਇਰੀ ਕਰਦਿਆਂ ਬਾਖੂਬੀ ਕੀਤਾ ਗਿਆ।


Related News