ਹੱਡ ਚੀਰਵੀਂ ਠੰਡ ਨੇ ਬ੍ਰਿਟੇਨ ਵਿਚ ਉਡਾਣਾਂ, ਟ੍ਰੇਨਾਂ ਤੇ ਸੜਕਾਂ ਕੀਤੀਆਂ ਜਾਮ

12/10/2017 8:46:21 PM

ਲੰਡਨ (ਏਜੰਸੀ)-ਬਰਤਾਨੀਆ ’ਚ ਭਾਰੀ ਬਰਫਬਾਰੀ ਕਾਰਨ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ, ਜਦੋਂ ਕਿ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਫਬਾਰੀ ਕਾਰਨ ਸੜਕਾਂ ’ਤੇ 12 ਇੰਚ ਤਕ ਬਰਫ ਡਿੱਗ ਚੁੱਕੀ ਹੈ ਅਤੇ ਅਗਲੇ 24 ਘੰਟੇ ਤੱਕ ਇਸ ਤੋਂ ਰਾਹਤ ਨਾ ਮਿਲਣ ਦੇ ਆਸਾਰ ਨਹੀਂ ਹਨ। ਸਵੇਰੇ ਜਦੋਂ ਲੋਕਾਂ ਦੀ ਜਾਗ ਖੁੱਲੀ ਤਾਂ ਉਹ ਇਸ ਬਰਫੀਲੇ ਮੌਸਮ ਵਿਚ ਬਾਹਰ ਨਿਕਲਣ ਤੋਂ ਪਹਿਲਾਂ ਸੋਚ ਰਹੇ ਹਨ। ਲਿਊਟਨ ਅਤੇ ਬਰਮਿੰਘਮ ਏਅਰਪੋਰਟ ਵਲੋਂ ਸਵੇਰ ਦੀਆਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ ਲੰਡਨ ਦੀ ਅੰਡਰਗ੍ਰਾਉਂਡ ਟ੍ਰੇਨਾਂ ਲਈ ਕਾਫੀ ਮੁਸ਼ਕਲ ਦਰਪੇਸ਼ ਆ ਰਹੀ ਹੈ। ਖਤਰਨਾਕ ਤੂਫਾਨ ਕਾਰਨ ਬ੍ਰਿਟੇਨ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਮੌਸਮ ਦੇ ਚਲਦਿਆਂ ਟਰਾਂਸਪੋਰਟਿੰਗ ਤਾਂ ਜਿਵੇਂ ਰੁਕ ਹੀ ਗਈ ਹੋਵੇ। ਫਿਲਹਾਲ ਇਸ ਮੌਸਮ ਤੋਂ ਨਿਜਾਤ ਮਿਲਣ ਦੇ ਅਜੇ ਤੱਕ ਕੋਈ ਆਸਾਰ ਨਹੀਂ ਹਨ।
ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਭਾਰੀ ਬਰਫਬਾਰੀ ਕਾਰਨ ਉੱਤਰ-ਪੱਛਮੀ ਇੰਗਲੈਂਡ, ਮਿਡਲੈਂਡ, ਪੂਰਬੀ ਇੰਗਲੈਂਡ, ਯੋਰਕਸ਼ਾਇਰ ਅਤੇ ਹੰਬਰ ਅਤੇ ਦੱਖਣੀ ਪੂਰਬ ’ਚ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਅਤੇ ਸੋਮਵਾਰ ਵਾਲੇ ਦਿਨ ਲੋਕਾਂ ਨੂੰ ਕੰਮਾਂ ’ਤੇ ਜਾਣ ਦੌਰਾਨ ਤੇ ਬੱਚਿਆਂ ਨੂੰ ਸਕੂਲ ਜਾਣ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 


Related News