ਬ੍ਰਾਜੀਲ: ਰਾਸ਼ਟਰਪਤੀ ''ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼

06/27/2017 10:11:16 AM

ਬ੍ਰਾਸੀਲੀਆ— ਬ੍ਰਾਜੀਲ ਦੇ ਮੁੱਖ ਇਸਤਗਾਸਾ ਨੇ ਦੇਸ਼ ਦੇ ਰਾਸ਼ਟਰਪਤੀ ਮਾਇਰਲ ਟੇਮੇਰ 'ਤੇ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਫਸੀ ਮੀਟ ਪੈਕ ਕਰਨ ਵਾਲੀ ਇਕ ਵੱਡੀ ਕੰਪਨੀ ਦੇ ਮਾਲਿਕ ਤੋਂ ਰਿਸ਼ਵਤ ਲਈ ਹੈ। ਦੋਸ਼ ਨਾਲ ਸੰਬੰਧਿਤ ਦਸਤਾਵੇਜ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ ਗਏ ਹਨ, ਜੋ ਹੁਣ ਇਸ ਮਾਮਲੇ ਨੂੰ ਸੰਸਦ ਦੇ ਹੇਠਲੇ ਸਦਨ 'ਚ ਭੇਜਣ ਬਾਰੇ ਫੈਸਲਾ ਲੈਣਗੇ। ਇਸ ਦੇ ਬਾਅਦ ਸੰਸਦ ਦੇ ਹੇਠਲੇ ਸਦਨ 'ਚ ਰਾਸ਼ਟਰਪਤੀ 'ਤੇ ਮੁਕੱਦਮਾ ਚਲਾਏ ਜਾਣ ਨੂੰ ਲੈ ਕੇ ਵੋਟਿੰਗ ਹੋਵੇਗੀ।
ਹਾਲਾਂਕਿ ਰਾਸ਼ਟਰਪਤੀ ਟੇਮੇਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਮੁਤਾਬਕ ਉਹ ਖੁਦ ਨੂੰ ਨਿਰਦੋਸ਼ ਸਾਬਤ ਕਰ ਲੈਣਗੇ।
ਬੀਤੇ ਸਾਲ ਰਾਸ਼ਟਰਪਤੀ ਦੀ ਕੁਰਸੀ ਸੰਭਾਲਣ ਮਗਰੋਂ ਹੀ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ ਪਰ ਇਹ ਪਹਿਲੀ ਵਾਰੀ ਹੈ ਜਦੋਂ ਰਸਮੀ ਤੌਰ 'ਤੇ ਉਨ੍ਹਾਂ 'ਤੇ ਮੁਕੱਦਮਾ ਚਲਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਇਕ ਆਡਿਓ ਰਿਕਾਡਿੰਗ ਸਾਹਮਣੇ ਆਈ ਸੀ, ਜਿਸ 'ਚ ਰਾਸ਼ਟਰਪਤੀ ਟੇਮੇਰ ਕਥਿਤ ਤੌਰ 'ਤੇ ਜੇ. ਬੀ. ਐੱਸ. ਮੀਟਪੈਕਿੰਗ ਕੰਪਨੀ ਦੇ ਮਾਲਕ ਡੋਸਲੀ ਬਤਿਸਤਾ ਤੋਂ ਰਿਸ਼ਵਤ ਲੈਣ ਬਾਰੇ ਗੱਲ ਕਰ ਰਹੇ ਹਨ।
ਪੱਤਰਕਾਰਾਂ ਮੁਤਾਬਕ ਆਉਣ ਵਾਲੇ ਸਮੇਂ 'ਚ ਉਨ੍ਹਾਂ 'ਤੇ ਹੋਰ ਦੋਸ਼ ਲਗਾਏ ਜਾ ਸਕਦੇ ਹਨ। ਉਂਝ ਵੀ ਟੇਮੇਰ ਜ਼ਿਆਦਾ ਪ੍ਰ੍ਰਸਿੱਧ ਨੇਤਾ ਨਹੀਂ ਹਨ। ਵਿਰੋਧੀ ਪਾਰਟੀਆਂ ਟੇਮੇਰ 'ਤੇ ਮਹਾਦੋਸ਼ ਚਲਾਏ ਜਾਣ ਅਤੇ ਦੇਸ਼ 'ਚ ਦੁਬਾਰਾ ਚੋਣਾਂ ਕਰਵਾਏ ਜਾਣ ਦੀ ਮੰਗ ਕਰ ਰਹੀਆਂ ਹਨ।


Related News