ਕੈਨੇਡਾ ''ਚ ਨਕਲੀ ਪੁਲਸ ਵਾਲਾ ਬਣ ਕੇ ਮਚਾਈ ਲੁੱਟ, ਭਾਲ ਜਾਰੀ

01/17/2018 3:25:18 PM

ਸਰੀ— ਕੈਨੇਡਾ ਦੇ ਸ਼ਹਿਰ ਸਰੀ ਦੀ ਪੁਲਸ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਦ ਵੀ ਉਹ ਆਪਣੇ ਘਰਾਂ 'ਚ ਕਿਸੇ ਪੁਲਸ ਵਾਲੇ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਣ ਤਾਂ ਇਸ ਤੋਂ ਪਹਿਲਾਂ ਉਹ ਉਨ੍ਹਾਂ ਦੇ ਆਈ.ਡੀ. ਕਾਰਡ ਜ਼ਰੂਰ ਜਾਂਚ ਲੈਣ। ਇਹ ਚਿਤਾਵਨੀ ਪੁਲਸ ਨੇ ਇਸ ਲਈ ਜਾਰੀ ਕੀਤੀ ਕਿਉਂਕਿ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਸੰਬਰ ਮਹੀਨੇ ਨਕਲੀ ਪੁਲਸ ਵਾਲੇ ਨੇ ਉਨ੍ਹਾਂ ਦੇ ਘਰੋਂ ਚੋਰੀ ਕੀਤੀ।  ਜਾਂਚ ਦੇ ਬਹਾਨੇ ਨਕਲੀ ਪੁਲਸ ਵਾਲੇ ਨੇ ਲੋਕਾਂ ਦੇ ਕ੍ਰੈਡਿਟ ਕਾਰਡ ਅਤੇ ਪੈਸੇ ਚੋਰੀ ਕਰ ਲਏ। ਸਰੀ 'ਚ ਦਸੰਬਰ ਮਹੀਨੇ ਦੋ ਵਾਰਦਾਤਾਂ ਅਜਿਹੀਆਂ ਹੀ ਵਾਪਰੀਆਂ ਜਿਸ 'ਚੋਂ ਪਹਿਲੀ ਵਾਰਦਾਤ 2 ਦਸੰਬਰ ਨੂੰ 100 ਏ ਅਵੈਨਿਊ ਅਤੇ ਗਲੀ ਨੰਬਰ 140 ਦੇ ਇਕ ਘਰ ਅਤੇ ਦੂਜੀ 19 ਦਸੰਬਰ ਨੂੰ 160 ਗਲੀ ਅਤੇ 89ਵੇਂ ਅਵੈਨਿਊ ਦੇ ਵਿਚਕਾਰਲੇ ਘਰ 'ਚ ਵਾਪਰੀ। 
ਲੋਕਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਇਹ ਵਿਅਕਤੀ ਏਸ਼ੀਆਈ ਮੂਲ ਦਾ ਲੱਗਦਾ ਸੀ ਜਿਸ ਦੀ ਉਮਰ 20 ਤੋਂ 40 ਸਾਲਾਂ ਵਿਚਕਾਰ ਦੱਸੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਉਸ ਦਾ ਕੱਦ 1.8 ਮੀਟਰ ਉੱਚਾ ਸੀ ਤੇ ਉਹ ਕਲੀਨ ਸ਼ੇਵ ਸੀ। ਪੁਲਸ ਨੇ ਕਿਹਾ ਕਿ ਉਹ ਇਸ ਵਿਅਕਤੀ ਦੀ ਭਾਲ ਕਰ ਰਹੇ ਹਨ ਅਤੇ ਅਜੇ ਸਪੱਸ਼ਟ ਤੌਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਵੇਂ ਵਿਅਕਤੀ ਇਕ ਹੀ ਸਨ ਜਾਂ ਅਲੱਗ-ਅਲੱਗ। ਪੁਲਸ ਨੇ ਇਸ ਦਾ ਇਕ ਸਕੈੱਚ ਬਣਾ ਕੇ ਤਸਵੀਰ ਜਾਰੀ ਕੀਤੀ ਹੈ ਤਾਂ ਕਿ ਉਸ ਨੂੰ ਜਲਦੀ ਲੱਭਿਆ ਜਾ ਸਕੇ। ਪੁਲਸ ਨੇ ਕਿਹਾ ਕਿ ਇਹ ਵਿਅਕਤੀ ਪੁਲਸ ਦੀ ਵਰਦੀ 'ਚ ਨਹੀਂ ਸੀ ਪਰ ਉਸ ਨੇ ਖੁਦ ਨੂੰ ਪੁਲਸ ਵਾਲਾ ਦੱਸਿਆ ਤੇ ਲੋਕਾਂ ਨੇ ਵੀ ਉਸ ਨੂੰ ਪੁਲਸ ਵਾਲਾ ਹੀ ਮੰਨ ਲਿਆ। ਪੁਲਸ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਵੀ ਖੁਦ ਨੂੰ ਪੁਲਸ ਵਾਲਾ ਕਹਿ ਕੇ ਘਰ 'ਚ ਦਾਖਲ ਹੋਣ ਦੀ ਗੱਲ ਆਖੇ ਤਾਂ ਲੋਕ ਉਸ ਦਾ ਪਛਾਣ ਪੱਤਰ ਜ਼ਰੂਰ ਜਾਂਚ ਲੈਣ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਜ਼ਰੂਰ ਦੱਸਣ।


Related News