ਲਾਪਤਾ ਭਾਰਤੀ ਬੱਚੀ ਦੀ ਲਾਸ਼ ਮਿਲਣ ਦਾ ਖਦਸ਼ਾ

10/23/2017 9:56:55 AM

ਹਿਊਸਟਨ(ਭਾਸ਼ਾ)— ਅਮਰੀਕਾ ਵਿਚ ਪੁਲਸ ਨੂੰ ਇਕ ਬੱਚੀ ਦੀ ਲਾਸ਼ ਮਿਲੀ ਹੈ ਅਤੇ ਅਜਿਹਾ ਖਦਸ਼ਾ ਹੈ ਕਿ ਇਹ ਲਾਸ਼ ਦੋ ਹਫਤੇ ਪਹਿਲਾਂ ਲਾਪਤਾ ਹੋਈ ਤਿੰਨ ਸਾਲਾ ਭਾਰਤੀ ਬੱਚੀ ਦੀ ਹੈ। ਇਹ ਬੱਚੀ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਸ ਦੇ ਪਿਤਾ ਵੈਸਲੀ ਮੈਥਿਊਜ਼ (37) ਨੇ ਦੁੱਧ ਪੂਰਾ ਨਾ ਪੀਣ 'ਤੇ ਸਜ਼ਾ ਦੇ ਤੌਰ 'ਤੇ ਬੱਚੀ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਮੈਥਿਊਜ਼ ਨੇ ਇਸ ਬੱਚੀ ਨੂੰ ਭਾਰਤੀ ਯਤੀਮਖਾਨੇ ਤੋਂ ਦੋ ਸਾਲ ਪਹਿਲਾਂ ਗੋਦ ਲਿਆ ਸੀ। ਸ਼ੇਰੀਨ ਮੈਥਿਊਜ਼ ਸਰੀਰਕ ਵਿਕਾਸ ਸੰਬੰਧੀ ਸਮੱਸਿਆ ਤੋਂ ਪੀੜਤ ਹੈ ਅਤੇ ਉਸ ਨੂੰ ਗੱਲ ਕਰਨ ਵਿਚ ਮੁਸ਼ਕਲ ਹੁੰਦੀ ਹੈ। 
ਉਸ ਨੂੰ ਅਖੀਰੀ ਵਾਰੀ 7 ਅਕਤੂਬਰ ਨੂੰ ਡਲਾਸ ਦੇ ਰਿਚਰਡਰਸਨ ਵਿਚ ਉਸ ਦੇ ਘਰ ਦੇ ਪਿੱਛੇ ਵਾਲੇ ਹਿੱਸੇ ਵਿਚ ਦੇਖਿਆ ਗਿਆ ਸੀ। ਰਿਚਰਡਨਸਨ ਪੁਲਸ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਨੂੰ ਸੜਕ ਥੱਲ੍ਹੇ ਇਕ ਸੁਰੰਗ ਵਿਚ ਬੱਚੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਲਾਸ਼ ''ਸੰਭਵ ਤੌਰ 'ਤੇ' ਸ਼ੇਰੀਨ ਦੀ ਹੈ ਪਰ ਉਨ੍ਹਾਂ ਨੇ ਲਾਸ਼ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਲਾਸ਼ ਮੈਥਿਊਜ਼ ਦੇ ਘਰ ਤੋਂ ਕਰੀਬ ਅੱਧੇ ਮੀਲ ਦੀ ਦੂਰੀ 'ਤੇ ਮਿਲੀ ਹੈ। ਤਲਾਸ਼ ਮੁਹਿੰਮ ਦੇ ਤੌਰ 'ਤੇ ਅਧਿਕਾਰੀਆਂ ਨੇ ਸੈਂਟਰਲ ਐਕਸਪ੍ਰੈੱਸਵੇ ਦੇ ਪੂਰਬ ਵਿਚ ਸਪਰਿੰਗ ਵੈਲੀ ਅਤੇ ਬਾਊਜ਼ਰ ਸੜਕਾਂ ਦੇ ਨੇੜੇ ਇਕ ਇਲਾਕੇ ਨੂੰ ਬੰਦ ਕਰ ਦਿੱਤਾ ਸੀ। ਖੋਜੀ ਕੁੱਤਿਆਂ ਦੀ ਮਦਦ ਨਾਲ ਸੁਰੰਗ ਵਿਚ ਸਵੇਰੇ ਕਰੀਬ 11 ਵਜੇ ਲਾਸ਼ ਬਰਾਮਦ ਕੀਤੀ ਗਈ। ਲਾਸ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ। ਡਾਕਟਰੀ ਜਾਂਚ ਕਰਤਾ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ ਕਰ ਰਹੇ ਹਨ। ਸ਼ੇਰੀਨ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ਵੈਸਲੀ ਮੈਥਿਊਜ਼ ਨੂੰ ਬੱਚੀ ਨੂੰ ਛੱਡਣ ਜਾਂ ਉਸ ਦੀ ਜਾਨ ਖਤਰੇ ਖਤਰੇ ਵਿਚ ਪਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਨੂੰ ਬਾਅਦ ਵਿਚ 2,50,000 ਡਾਲਰ ਦੀ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿ ਆਸੀ। ਦੱਸਿਆ ਜਾ ਰਿਹਾ ਹੈ ਕਿ ਮੈਥਿਊਜ਼ ਕੇਰਲ ਦਾ ਰਹਿਣ ਵਾਲਾ ਹੈ। ਗ੍ਰਿਫਤਾਰ ਵਾਰੰਟ ਦੇ ਹਲਫੀਆ ਬਿਆਨ ਮੁਤਾਬਕ ਮੈਥਿਊਜ਼ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ੇਰੀਨ ਨੂੰ ਸੱਤ ਅਕਤੂਬਰ ਨੂੰ ਦੇਰ ਰਾਤ ਕਰੀਬ ਤਿੰਨ ਵਜੇ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਉਸ ਨੂੰ ਇਕ ਵੱਡੇ ਰੁੱਖ ਨੇੜੇ ਖੜ੍ਹੇ ਹੋਣ ਨੂੰ ਕਿਹਾ ਸੀ। ਹਲਫੀਆ ਬਿਆਨ ਮੁਤਾਬਕ ਉਸ ਨੇ ਸਵੀਕਾਰ ਕੀਤਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ  ਸੀ ਕਿ ਇਲਾਕੇ ਵਿਚ ਜੰਗਲੀ ਜਾਨਵਰ ਦੇਖੇ ਗਏ ਹਨ। ਮੈਥਿਊਜ਼ 15 ਮਿੰਟ ਬਾਅਦ ਸ਼ੇਰੀਨ ਨੂੰ ਕਥਿਤ ਤੌਰ 'ਤੇ ਦੇਖਣ ਗਿਆ ਸੀ ਪਰ ਸ਼ੇਰੀਨ ਉੱਥੇ ਨਹੀਂ ਸੀ। ਪੁਲਸ ਸਾਰਜੈਂਟ ਕੇਵਿਨ ਪੇਰਲਿਚ ਮੁਤਾਬਕ ਮੈਥਿਊਜ਼ ਨੇ ਦੱਸਿਆ ਕਿ ਇਸ ਮਗਰੋਂ ਉਹ ਕੱਪੜੇ ਧੋਣ ਲਈ ਅੰਦਰ ਆ ਗਿਆ ਅਤੇ ਉਸ ਨੇ ਫੈਸਲਾ ਲਿਆ ਕਿ ਉਹ ਸਵੇਰੇ ਉਸ ਦੀ ਤਲਾਸ਼ ਕਰੇਗਾ ਜਾਂ ਸ਼ੇਰੀਨ ਦੇ ਖੁਦ ਹੀ ਵਾਪਸ ਆਉਣ ਦਾ ਇੰਤਜ਼ਾਰ ਕਰੇਗਾ। ਪੁਲਸ ਨੂੰ ਪੰਜ ਘੰਟੇ ਮਗਰੋਂ ਬੱਚੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ।


Related News