ਸਪੇਨ ਹਮਲੇ ''ਚ ਕੈਨੇਡਾ ਦੇ ਵਿਅਕਤੀ ਦੀ ਬਚੀ ਜਾਨ, ਫੇਸਬੁੱਕ ''ਤੇ ਬਿਆਨ ਕੀਤੀ ਘਟਨਾ

08/18/2017 3:17:58 PM

ਕੈਲਗਰੀ— ਕਹਿੰਦੇ ਨੇ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੁਝ ਅਜਿਹਾ ਹੀ ਹੈ, ਇਹ ਵਿਅਕਤੀ ਜੋ ਕਿ ਖੁਦ ਨੂੰ ਖੁਸ਼ਕਿਸਮਤ ਮੰਨਦਾ ਹੈ ਕਿ ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਉਹ ਉਥੇ ਮੌਜੂਦ ਨਹੀਂ ਸੀ। ਕੁਈਟਿਨ ਓਗਿਲਵੀ ਨਾਂ ਦਾ ਵਿਅਕਤੀ ਕੈਨੇਡਾ ਦੇ ਕੈਲਗਰੀ ਦਾ ਰਹਿਣ ਵਾਲਾ ਹੈ, ਜੋ ਕਿ ਯੂਰਪ ਘੁੰਮਣ ਆਇਆ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਬਾਰਸੀਨੋਲਾ 'ਚ ਰੁੱਕਿਆ ਹੋਇਆ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਹ ਘਟਨਾ ਤੋਂ ਕੁਝ ਹੀ ਦੂਰੀ 'ਤੇ ਸਥਿਤ ਆਪਣੇ ਅਪਾਰਟਮੈਂਟ ਵਿਚ ਸੀ। 
ਇਸ ਘਟਨਾ ਨੂੰ ਬਿਆਨ ਕਰਦੇ ਹੋਏ ਉਸ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਪਰ ਮੈਂ ਪਹਿਲੇ ਸਮਝਿਆ ਸਭ ਕੁਝ ਆਮ ਹੈ। ਇਸ ਤੋਂ ਬਾਅਦ ਮੈਂ ਫਿਰ ਉੱਚੀ-ਉੱਚੀ ਆਵਾਜ਼ਾਂ ਸੁਣੀਆਂ ਜੋ ਖਤਰਨਾਕ ਸਨ ਅਤੇ ਮੈਂ ਕੁਝ ਹਾਦਸੇ ਦਾ ਸ਼ਿਕਾਰ ਹੁੰਦਿਆਂ ਸੁਣਿਆ।'' ਓਗਿਲਵੀ ਨੇ ਕਿਹਾ ਕਿ ਮੈਂ ਤੁਰੰਤ ਆਪਣੀ ਖਿੜਕੀ 'ਚੋਂ ਬਾਹਰ ਦੇਖਿਆ ਤਾਂ ਉਹ ਸਭ ਬਹੁਤ ਭਿਆਨਕ ਸੀ। ਮੈਨੂੰ ਕੁਝ ਸਮਝ ਨਹੀਂ ਆਇਆ ਅਤੇ ਮੈਂ ਖੁਦ ਨੂੰ ਪਰੇਸ਼ਾਨ ਮਹਿਸੂਸ ਕੀਤਾ। ਆਪਣੀ ਪਰੇਸ਼ਾਨੀ ਨੂੰ ਜ਼ਾਹਰ ਕਰਦੇ ਹੋਏ ਓਗਿਲਵੀ ਨੇ ਕਿਹਾ ਕਿ ਮੈਂ ਅਕਸਰ ਇਸ ਸੜਕ 'ਤੇ ਆਉਂਦਾ-ਜਾਂਦਾ ਰਹਿੰਦਾ ਹਾਂ, ਜਦੋਂ ਇਹ ਹਾਦਸਾ ਵਾਪਰਿਆ ਤਾਂ ਉੱਥੇ ਹੋ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ।
ਦੱਸਣਯੋਗ ਹੈ ਕਿ ਬਾਰਸੀਲੋਨਾ ਦੇ ਲਾਸ ਰਾਮਬਲਾਸ 'ਚ ਇਕ ਵੈਨ ਨੇ ਭੀੜ-ਭਾੜ ਵਾਲੀ ਥਾਂ 'ਤੇ ਰਾਹਗੀਰਾਂ 'ਤੇ ਵੈਨ ਚੜ੍ਹਾ ਦਿੱਤੀ, ਜਿਸ ਕਾਰਨ 13 ਲੋਕ ਮਾਰੇ ਗਏ ਅਤੇ 100 ਦੇ ਕਰੀਬ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਦੂਜਾ ਹਮਲਾ ਬਾਰਸੀਲੋਨਾ ਤੋਂ 100 ਕਿਲੋਮੀਟਰ ਦੂਰ ਕੈਮਬ੍ਰਿਲਸ 'ਚ ਹੋਇਆ, ਜਿੱਥੇ 1 ਪੁਲਸ ਕਰਮਚਾਰੀ ਸਮੇਤ 7 ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੀ ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ 5 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ।


Related News