ਬੰਗਲਾਦੇਸ਼ ''ਚ ਹਨ 10 ਲੱਖ ਤੋਂ ਜ਼ਿਆਦਾ ਰੋਹਿੰਗਿਆ ਸ਼ਰਣਾਰਥੀ

01/17/2018 4:40:53 PM

ਢਾਕਾ(ਭਾਸ਼ਾ)— ਬੰਗਲਾਦੇਸ਼ ਨੇ ਮਿਆਂਮਾਰ ਸਰਹੱਦ ਦੇ ਨੇੜੇ ਦੇ ਕੈਂਪਾਂ ਵਿਚ 10 ਲੱਖ ਤੋਂ ਜ਼ਿਆਦਾ ਰੋਹਿੰਗਿਆ ਸ਼ਰਣਾਰਥੀਆਂ ਦੀ ਗਿਣਤੀ ਕੀਤੀ ਹੈ, ਜੋ ਪਿਛਲੇ ਅੰਦਾਜ਼ੇ ਤੋਂ ਜ਼ਿਆਦਾ ਹੈ। ਰੋਹਿੰਗਿਆ ਸ਼ਰਣਾਰਥੀਆਂ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਦੌਰਾਨ ਬੰਗਲਾਦੇਸ਼ ਦੇ ਰਜਿਸਟਰੇਸ਼ਨ ਪ੍ਰੋਜੈਕਟ ਦੇ ਮੁਖੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼ ਦੀ ਥਲ-ਸੈਨਾ ਨੇ ਪਿਛਲੇ ਸਾਲ ਮਿਆਂਮਾਰ ਤੋਂ ਰੋਹਿੰਗਿਆ ਮੁਸਲਮਾਨਾਂ ਦੇ ਨਵੇਂ ਜੱਥੇ ਦੇ ਦੇਸ਼ ਵਿਚ ਦਾਖਲ ਹੋਣ ਤੋਂ ਬਾਅਦ ਇਨ੍ਹਾਂ ਸ਼ਰਣਾਰਥੀਆਂ ਦਾ ਬਾਇਓਮੈਟਰਿਕ ਰਜਿਸਟਰੇਸ਼ਨ ਸ਼ੁਰੂ ਕੀਤਾ ਸੀ। ਮਿਆਂਮਾਰ ਵਿਚ ਮੁਸਲਿਮ ਘੱਟ-ਗਿਣਤੀ ਵਾਲੇ ਲੋਕ ਦਹਾਕਿਆਂ ਤੋਂ ਅੱਤਿਆਚਾਰ ਦਾ ਸਾਹਮਣਾ ਕਰਦੇ ਆ ਰਹੇ ਹਨ। ਸ਼ਰਣਾਰਥੀਆਂ ਦਾ ਰਜਿਸਟਰੇਸ਼ਨ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਵਾਪਸ ਭੇਜਣ ਵਿਚ ਸੌਖ ਹੋਵੇ।
ਹਾਲਾਂਕਿ ਸ਼ਰਣਾਰਥੀਆਂ ਦਾ ਕਹਿਣਾ ਹੈ ਕਿ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਬੰਗਲਾਦੇਸ਼ ਨੇ ਕਿਹਾ ਕਿ ਉਹ ਸ਼ਰਣਾਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਪ੍ਰਕਿਰਿਆ ਅਗਲੇ ਹਫਤੇ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ 2 ਸਾਲ ਦੇ ਅੰਦਰ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨੇ ਮਿਆਂਮਾਰ ਨਾਲ ਇਕ ਸਮਝੌਤਾ ਕੀਤਾ ਹੈ। ਬੰਗਲਾਦੇਸ਼ੀ ਥਲ-ਸੈਨਾ ਵਿਚ ਬ੍ਰਿਗੇਡੀਅਰ ਜਨਰਲ ਅਤੇ ਰੋਹਿੰਗਿਆ ਰਜਿਸਟਰੇਸ਼ਨ ਪ੍ਰੋਜੈਕਟ ਦੇ ਮੁਖੀ ਸਈਦੁਰ ਰਹਿਮਾਨ ਨੇ ਕਿਹਾ, 'ਹੁਣ ਤੱਕ ਅਸੀਂ 1,004,742 ਰੋਹਿੰਗਿਆ ਦਾ ਰਜਿਸਟਰੇਸ਼ਨ ਕੀਤਾ ਹੈ। ਉਨ੍ਹਾਂ ਨੂੰ ਬਾਇਓਮੈਟਰਿਕ ਰਜਿਸਟਰੇਸ਼ਨ ਕਾਰਡ ਦਿੱਤੇ ਗਏ ਹਨ।' ਉਨ੍ਹਾਂ ਕਿਹਾ ਅਜੇ ਹਜ਼ਾਰਾਂ ਰੋਹਿੰਗਿਆ ਸ਼ਰਣਾਰਥੀਆਂ ਦਾ ਰਜਿਸਟਰੇਸ਼ਨ ਬਾਕੀ ਹੈ। ਰਹਿਮਾਨ ਨੇ ਕਿਹਾ ਕਿ ਤਾਜ਼ਾ ਅੰਕੜੇ ਸੰਯੁਕਤ ਰਾਸ਼ਟਰ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਤੋਂ ਜ਼ਿਆਦਾ ਹਨ। ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ ਕਿ ਦੱਖਣੀ-ਪੂਰਬੀ ਬੰਗਲਾਦੇਸ਼ ਵਿਚ ਮਿਆਂਮਾਰ ਸਰਹੱਦ ਨੇੜੇ 962,000 ਰੋਹਿੰਗਿਆ ਰਹਿ ਰਹੇ ਹਨ।


Related News