ਕੱਦ 6 ਫੁੱਟ ਅਤੇ ਉਮਰ 12 ਸਾਲ, 1300 ਕਿਲੋਮੀਟਰ ਤੱਕ ਇਕੱਲੇ ਨੇ ਕਾਰ ''ਚ ਲਾਈਆਂ ਗੇੜੀਆਂ ਅਤੇ ਫਿਰ...

04/24/2017 3:37:09 PM

ਸਿਡਨੀ— ਆਸਟਰੇਲੀਆ ''ਚ ਇੱਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਇੱਕ 12 ਸਾਲਾ ਲੜਕਾ ਨੇ ਇਕੱਲਿਆਂ ਹੀ ਕਾਰ ''ਚ 1300 ਕਿਲੋਮਟੀਰ ਤੱਕ ਦਾ ਸਫ਼ਰ ਤੈਅ ਕੀਤਾ। ਸਭ ਤੋਂ ਖਾਸ ਗੱਲ ਇਹ ਰਹੀ ਕਿ ਜਦੋਂ ਲੜਕਾ ਕਾਰ ''ਚ ਇਕੱਲਿਆਂ ਸਫ਼ਰ ਕਰ ਰਿਹਾ ਸੀ ਤਾਂ ਉਸ ਦੇ ਛੇ ਫੁੱਟ ਲੰਬੇ ਕੱਦ ਕਾਰਨ ਉਸ ਨੂੰ ਕੋਈ ਪਛਾਣ ਹੀ ਨਹੀਂ ਸਕਿਆ। ਲੜਕਾ ਆਪਣੇ ਕੱਦ-ਕਾਠ ਕਾਰਨ 19 ਜਾਂ 20 ਸਾਲ ਦਾ ਕੋਈ ਨੌਜਵਾਨ ਪ੍ਰਤੀਤ ਹੁੰਦਾ ਸੀ ਅਤੇ ਉਸ ਦੀ ਸਰੀਰਕ ਦਿੱਖ ਨੂੰ ਦੇਖ ਕੇ ਆਮ ਲੋਕ ਧੋਖਾ ਖਾ ਗਏ। ਦੱਸਿਆ ਜਾ ਰਿਹਾ ਕਿ ਇਹ ਮਾਮਲਾ ਨਿਊ ਸਾਊਥ ਵੇਲਜ਼ ਸੂਬੇ ਦਾ ਹੈ। ਸੂਬੇ ਦੇ ਕੈਂਡਲ ਸ਼ਹਿਰ ਤੋਂ 4000 ਕਿਲੋਮੀਟਰ ਦੂਰ ਪੈਂਦੇ ਪਰਥ ਸ਼ਹਿਰ (ਪੱਛਮੀ ਆਸਟਰੇਲੀਆ) ਤੱਕ ਪਹੁੰਚਣ ਦੇ ਇਰਾਦੇ ਨਾਲ ਉਕਤ ਲੜਕੇ ਨੇ ਬੀਤੇ ਸ਼ੁੱਕਰਵਾਰ ਦੀ ਸਵੇਰ ਨੂੰ ਆਪਣੀ ਪਰਿਵਾਰਕ ਕਾਰ ''ਚ ਸਫ਼ਰ ਦੀ ਸ਼ੁਰੂਆਤ ਕੀਤੀ। ਲੜਕੇ ਦੇ ਘਰੋਂ ਅਚਾਨਕ ਗਾਇਬ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾ ਦਿੱਤੀ, ਜਿਸ ਤੋਂ ਬਾਅਦ ਸੂਬਾ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 
ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲੜਕੇ ਨੇ ਕੋਬਾਰ ਸ਼ਹਿਰ ਦੇ ਇੱਕ ਸਰਵਿਸ ਸਟੇਸ਼ਨ ''ਤੇ ਪੈਟਰੋਲ ਪਵਾਉਣ ਲਈ ਕਾਰ ਰੋਕੀ। ਸਟੇਸ਼ਨ ਮੈਨੇਜਰ ਵਮਸ਼ੀ ਰੈੱਡੀ ਨੇ ਦੱਸਿਆ ਕਿ ਉਸ ਨੇ 19 ਡਾਲਰ ਦਾ ਪੈਟਰੋਲ ਗੱਡੀ ''ਚ ਪਵਾਇਆ। ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਉਹ ਫਰਾਰ ਹੋ ਗਿਆ। ਸ਼੍ਰੀ ਰੈੱਡੀ ਨੇ ਦੱਸਿਆ ਕਿ ਪਹਿਲੀ ਵਾਰ ਦੇਖਣ ''ਤੇ ਲੜਕਾ 19 ਜਾਂ 20 ਸਾਲ ਦਾ ਖੂਬਸੂਰਤ ਗੱਭਰੂ ਲੱਗ ਰਿਹਾ ਸੀ ਪਰ ਜਦੋਂ ਪੁਲਸ ਨੇ ਮੈਨੂੰ ਦੱਸਿਆ ਕਿ ਉਸ ਦੀ ਉਮਰ 12 ਸਾਲ ਹੈ ਤਾਂ ਮੈਂ ਹੈਰਾਨ ਰਹਿ ਗਿਆ। ਪੁਲਸ ਦੀ ਮਹਿਲਾ ਡਿਟੈਕਟਿਵ ਇੰਸਪੈਕਟਰ ਕਿਮ ਫੇਹੋਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 11 ਵਜੇ ਪੁਲਸ ਨੇ ਬਰੋਕਨ ਹਿੱਲ ਇਲਾਕੇ ਤੋਂ ਲੜਕੇ ਨੂੰ ਗ੍ਰਿਫ਼ਤਾਰ ਕੀਤਾ। ਉੁਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ 14 ਘੰਟਿਆਂ ਦੌਰਾਨ ਉਸ ਨੇ ਕਾਰ ''ਚ ਇਕੱਲਿਆਂ 1300 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ ਸੀ। ਉਨ੍ਹਾਂ ਦੱਸਿਆ ਉਸ ਦੀ ਗੱਡੀ ਕਾਫੀ ਨੁਕਸਾਨੀ ਹੋਈ ਸੀ ਅਤੇ ਇਸ ਦੇਖ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਰਸਤੇ ਉਸ ਨਾਲ ਕੋਈ ਹਾਦਸਾ ਵਾਪਰਿਆ ਹੋਵੇ। ਉਨ੍ਹਾਂ ਦੱਸਿਆ ਕਿ ਲੜਕੇ ਨੂੰ ਪਹਿਲਾਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਪਰ ਬਾਅਦ ''ਚ ਰਿਹਾਅ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਨੇ ਲੜਕੇ ਦੇ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਸ ਨੂੰ ਸੋਮਵਾਰ ਨੂੰ ਅਦਾਲਤ ''ਚ ਪੇਸ਼ ਕੀਤਾ ਜਾਵੇਗਾ।

Related News