ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਪਾਉਣਗੇ ਧਮਾਲ, ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ

08/17/2017 5:42:23 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਦੁਨੀਆ ਭਰ ਵਿਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਛਾਣ ਬਣਾ ਚੁੱਕੇ ਵਾਰਿਸ ਭਰਾ 'ਪੰਜਾਬੀ ਵਿਰਸਾ 2017' ਲੜੀ ਤਹਿਤ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵਸਦੇ ਪੰਜਾਬੀਆਂ ਦੇ ਰੂਬਰੂ ਹੋਣ ਜਾ ਰਹੇ ਹਨ। ਇਸ ਲੜੀ ਤਹਿਤ ਦੋਵਾਂ ਦੇਸ਼ਾਂ ਵਿਚ 11 ਸ਼ੋਅ ਕੀਤੇ ਜਾਣਗੇ । ਇਹ ਜਾਣਕਾਰੀ ਦਿੰਦਿਆਂ ਪਲਾਜ਼ਮਾ ਕੰਪਨੀ ਦੇ ਡਾਇਰੈਕਟਰ ਦੀਪਕ ਬਾਲੀ ਅਤੇ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਹਰ ਸ਼ੋਅ ਦੇ ਮੁੱਖ ਪ੍ਰਬੰਧਕ ਸਰਵਣ ਸੰਧੂ ਨੇ ਦੱਸਿਆ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ 18 ਅਗਸਤ ਨੂੰ ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿਚ, 19 ਅਗਸਤ ਨੂੰ ਆਕਲੈਂਡ ਤੇ 20 ਅਗਸਤ ਨੂੰ ਕ੍ਰਾਈਸਚਰਚ ਵਿਚ ਕਰਵਾਏ ਜਾ ਰਹੇ ਹਨ। ਆਸਟ੍ਰੇਲੀਆ ਲੜੀ ਦੌਰਾਨ 25 ਅਗਸਤ ਨੂੰ ਕੈਨਬਰਾ, 26 ਅਗਸਤ ਨੂੰ ਸਿਡਨੀ, 27 ਅਗਸਤ ਨੂੰ ਬ੍ਰਿਸਬੇਨ, 2 ਸਤੰਬਰ ਨੂੰ ਸ਼ੈਪਰਟਨ, 3 ਸਤੰਬਰ ਨੂੰ ਮੈਲਬੋਰਨ, 5 ਸਤੰਬਰ ਨੂੰ ਹੋਬਾਰਟ (ਤਸਮਾਨੀਆ), 10 ਸਤੰਬਰ ਨੂੰ ਐਡੀਲੇਡ ਅਤੇ ਲੜੀ ਦਾ ਆਖਰੀ ਸ਼ੋਅ 17 ਸਤੰਬਰ ਨੂੰ ਪਰਥ ਵਿਚ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
'ਜੱਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਮਨਮੋਹਣ ਵਾਰਿਸ ਨੇ ਦੱਸਿਆ ਕਿ ਇਸ ਵਾਰ 'ਪੰਜਾਬੀ ਵਿਰਸਾ' 3 ਸਤੰਬਰ ਨੂੰ ਮੈਲਬੋਰਨ ਵਿਚ ਰਿਕਾਰਡ ਕਰ ਕੇ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ। ਵਾਰਿਸ ਨੇ ਦੱਸਿਆ ਕਿ ਇਸ ਵਾਰ ਤਿੰਨੇ ਭਰਾ ਨਵੇਂ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਅ ਕਾਰਨ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।


Related News