ਸ਼ਰੀਫ ਭਰਾਵਾਂ ਨੇ ਦੋ ਵਾਰ ਮੇਰੇ ਕਤਲ ਦੀ ਯੋਜਨਾ ਬਣਾਈ : ਜ਼ਰਦਾਰੀ

10/22/2017 6:06:17 PM

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਗਦੀਓਂ ਉਤਾਰੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ ਸ਼ਹਬਾਜ਼ ਸ਼ਰੀਫ ਨੇ ਉਨ੍ਹਾਂ ਨੂੰ ਮਾਰਨ ਲਈ ਦੋ ਵਾਰ ਯੋਜਨਾ ਬਣਾਈ ਸੀ। ਜ਼ਰਦਾਰੀ ਦਾ ਕਹਿਣਾ ਹੈ ਕਿ ਨਵਾਜ਼ ਅਤੇ ਸ਼ਹਬਾਜ਼ ਸ਼ਰੀਫ ਨੇ ਉਨ੍ਹਾਂ ਦੇ ਕਤਲ ਦੀ ਯੋਜਨਾ ਉਸ ਸਮੇਂ ਬਣਾਈ ਸੀ, ਜਦੋਂ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ 8 ਸਾਲ ਦੀ ਸਜ਼ਾ ਕੱਟ ਰਹੇ ਸਨ। 
ਕੱਲ ਭਾਵ ਸ਼ਨੀਵਾਰ ਨੂੰ ਲਾਹੌਰ ਦੇ ਬਿਲਾਵਲ ਹਾਊਸ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਰਦਾਰੀ ਨੇ ਕਿਹਾ, ''ਸ਼ਰੀਫ ਭਰਾਵਾਂ— ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਛੋਟੇ ਭਰਾ, ਪੰਜਾਬ ਦੇ ਮੁੱਖ ਮੰਤਰੀ ਸ਼ਹਬਾਜ਼ ਸ਼ਰੀਫ ਨੇ 1990 ਦੇ ਦਹਾਕੇ ਵਿਚ ਮੇਰੇ ਜੇਲ ਵਿਚ ਰਹਿਣ ਦੌਰਾਨ ਦੋ ਵਾਰ ਮੇਰੇ ਕਤਲ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਮੈਂ ਭੁੱਲਿਆ ਨਹੀਂ ਹਾਂ ਕਿ ਸ਼ਰੀਫ ਭਰਾਵਾਂ ਨੇ ਮੇਰੀ ਪਤਨੀ ਬੇਨਜ਼ੀਰ ਭੁੱਟੋ ਅਤੇ ਮੇਰਾ ਨਾਲ ਕੀ ਕੀਤਾ ਹੈ। ਅਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਸੀ ਅਤੇ ਚਾਰਟਰ ਆਫ ਡੈਮੋਕ੍ਰੇਸੀ 'ਤੇ ਦਸਤਖ਼ਤ ਕਰ ਦਿੱਤੇ ਸਨ ਪਰ ਇਸ ਦੇ ਬਾਵਜੂਦ ਨਵਾਜ਼ ਸ਼ਰੀਫ ਨੇ ਮੈਨੂੰ ਧੋਖਾ ਦਿੱਤਾ। 
ਉਨ੍ਹਾਂ ਨੇ ਕਿਹਾ, ''ਸ਼ਰੀਫ ਭਰਾਵਾਂ 'ਤੇ ਇਸ ਵਾਰ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਮੈਂ ਉਨ੍ਹਾਂ ਨਾਲ ਹੱਥ ਨਹੀਂ ਮਿਲਾਵਾਂਗਾ।'' ਜ਼ਰਦਾਰੀ ਨੇ ਕਿਹਾ ਕਿ ਉਹ ਬਹੁਤ ਤੇਜ਼ੀ ਨਾਲ ਰੰਗ ਬਦਲਦੇ ਹਨ। ਉਹ ਜਦੋਂ ਮੁਸ਼ਕਲ ਵਿਚ ਹੁੰਦੇ ਹਨ ਤਾਂ ਉਹ ਤੁਹਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਕੋਲ ਸੱਤਾ ਹੁੰਦੀ ਹੈ ਤਾਂ ਉਹ ਤੁਹਾਨੂੰ ਬਹੁਤ ਚਲਾਕੀ ਨਾਲ ਨੁਕਸਾਨ ਪਹੁੰਚਾਉਂਦੇ ਹਨ। ਜ਼ਰਦਾਰੀ ਨੇ ਪਾਰਟੀ ਵਰਕਰਾਂ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਸਾਲ 2018 ਵਿਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ (ਐੱਨ) ਨਾਲ ਗਠਜੋੜ ਕਰਨ ਦੀ ਗੱਲ ਭੁੱਲ ਜਾਣ।


Related News