ਪਾਕਿ ਦਾ ਇਕ ਹੋਰ ਝੂਠ ਬੇਨਕਾਬ, ਪੰਜਾਂ ਸਾਲਾਂ ਤੋਂ ਪਾਕਿਸਤਾਨ ''ਚ ਸੀ ਅਮਰੀਕੀ-ਕੈਨੇਡਾਈ ਜੋੜਾ

10/21/2017 12:28:55 AM

ਵਾਸ਼ਿੰਗਟਨ— ਅਮਰੀਕੀ ਖੂਫੀਆ ਏਜੰਸੀ ਸੀ.ਆਈ.ਏ. ਦੇ ਨਿਰਦੇਸ਼ਕ ਮਾਈਕ ਪਾਮਪੀਓ ਨੇ ਪਾਕਿ ਦੇ ਨਾਪਾਕ ਚਹਿਰੇ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਨੇ ਹਾਲ ਹੀ 'ਚ ਅੱਤਵਾਦੀਆਂ ਦੇ ਚੁੰਗਲ 'ਚੋਂ ਛੁਡਾਏ ਗਏ ਅਮਰੀਕੀ-ਕੈਨੇਡਾਈ ਬੰਧਕ ਜੋੜੇ ਨੂੰ ਲੈ ਕੇ ਇਸਲਾਮਾਬਾਦ ਨੂੰ ਕਟਿਹਰੇ 'ਚ ਖੜ੍ਹਾ ਕੀਤਾ ਹੈ। ਪਾਮਪੀਓ ਦਾ ਕਹਿਣਾ ਹੈ ਕਿ ਜੋੜੇ ਨੂੰ ਪੰਜ ਸਾਲਾਂ ਤੱਕ ਪਾਕਿਸਤਾਨ 'ਚ ਹੀ ਰੱਖਿਆ ਗਿਆ ਸੀ।
ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਬੰਧਕਾਂ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਲਿਆਂਦਾ ਗਿਆ ਸੀ। ਅਮਰੀਕਾ ਤੋਂ ਖੂਫੀਆ ਸੂਚਨਾ ਮਿਲਣ 'ਤੇ ਵਿਸ਼ੇਸ਼ ਅਭਿਆਨ ਚਲਾ ਕੇ ਦੋਵਾਂ ਨੂੰ ਆਜ਼ਾਦ ਕਰਾ ਲਿਆ ਗਿਆ। ਪਾਕਿਸਤਾਨੀ ਫੌਜ ਦੀ ਮੰਨੀਏ ਤਾਂ ਅੱਤਵਾਦੀਆਂ ਨੇ ਅਮਰੀਕੀ ਔਰਤ ਕੈਟਾਲਨ ਕੋਲਮੈਨ ਨੂੰ ਉਸ ਦੇ ਕੈਨੇਡੀਅਨ ਪਤੀ ਜੋਸ਼ੂ ਬੋਇਲ ਨਾਲ ਅਫਗਾਨਿਸਤਾਨ 'ਚ ਅਗਵਾ ਕੀਤਾ ਸੀ ਪਰ ਸੀ.ਆਈ.ਏ. ਦੇ ਬਿਆਨ ਨੇ ਉਨ੍ਹਾਂ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ।
ਪਾਮਪੀਓ ਨੇ ਇਕ ਬਿਆਨ 'ਚ ਕਿਹਾ ਕਿ ਜੋੜੇ ਨੂੰ ਪੰਜ ਸਾਲ ਤੱਕ ਪਾਕਿਸਤਾਨ 'ਚ ਹੀ ਰੱਖਿਆ ਗਿਆ ਸੀ। ਮੇਰੀ ਸਮਝ 'ਚ ਇਤਿਹਾਸ 'ਚ ਅੱਤਵਾਦੀਆਂ ਨਾਲ ਮੁਕਾਬਲਾ ਕਰਨ 'ਚ ਮਦਦ ਕਰਨ ਨੂੰ ਲੈ ਕੇ ਪਾਕਿਸਤਾਨ ਤੋਂ ਅਮਰੀਕੀ ਉਮੀਦਾਂ ਘੱਟ ਹੀ ਰਹੀਆਂ ਹਨ। ਰਾਸ਼ਟਰਪਤੀ ਸਪੱਸ਼ਟ ਤੌਰ 'ਤੇ ਕਹਿ ਚੁੱਕੇ ਹਨ ਕਿ ਤਾਲਿਬਾਨ ਨੂੰ ਗੱਲਬਾਤ ਦੇ ਮੇਜ਼ 'ਤੇ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਅਜਿਹੇ 'ਚ ਪਾਕਿਸਤਾਨ 'ਚ ਅੱਤਵਾਦੀਆਂ ਦੇ ਸੁਰੱਖਿਅਤ ਪਨਾਹਗਾਹ ਕਦੀ ਸਵਿਕਾਰ ਨਹੀਂ ਕੀਤੀ ਜਾਵੇਗੀ।
ਜੋੜੇ ਨੂੰ ਰਿਹਾਅ ਕਰਵਾਉਣ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਖੂਫੀਆ ਸੂਚਨਾਵਾਂ ਨੂੰ ਸਾਂਝਾ ਕਰਨ ਦੇ ਮਹੱਤਵ ਦੀ ਗੱਲ ਕਹੀ ਸੀ। ਹਾਲਾਂਕਿ ਇਸ ਮਾਮਲੇ 'ਚ ਅਜੇ ਕਿਸੇ ਅੱਤਵਾਦੀ ਸੰਗਠਨ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਅਮਰੀਕਾ ਇਸ ਦੇ ਪਿੱਛੇ ਹੱਕਾਨੀ ਨੈੱਟਵਰਕ ਦਾ ਹੱਥ ਮੰਨਦਾ ਹੈ। ਅਮਰੀਕਾ ਲੰਬੇ ਸਮੇਂ ਤੋਂ ਹੱਕਾਨੀ ਨੈੱਟਵਰਕ ਤੇ ਪਾਕਿਸਤਾਨੀ ਖੂਫੀਆ ਏਜੰਸੀ ਵਿਚਕਾਰ ਗਠਜੋੜ ਹੋਣ ਦੀ ਗੱਲ ਸਵਿਕਾਰਦਾ ਰਿਹਾ ਹੈ।


Related News