ਅਮਰੀਕੀ ਜੱਜ ਨੇ ਟਰੰਪ ਦੇ ਯਾਤਰਾ ਪਾਬੰਦੀ ਦੇ ਨਵੇਂ ਪੜਾਅ ''ਤੇ ਲਗਾਈ ਰੋਕ

10/18/2017 12:51:19 PM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਇਕ ਸਮੂਹ ਜੱਜ ਨੇ ਵ੍ਹਾਇਟ ਹਾਊਸ ਨੂੰ ਇਮੀਗ੍ਰੇਸ਼ਨ ਉੱਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਪੂਰਨ ਸਰਕਾਰੀ ਹੁਕਮ ਦੇ ਹੋਰ ਪੜਾਅ ਨੂੰ ਲਾਗੂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਹੀ ਇਹ ਫੈਸਲਾ ਆਇਆ ਹੈ।
ਹਵਾਈ ਵਿਚ ਅਮਰੀਕੀ ਡਿਸਟਰਿਕਟ ਜੱਜ ਡੇਰਿਕ ਵਾਟਸਨ ਦਾ ਇਹ ਫੈਸਲਾ ਅਮਰੀਕਾ ਵਿਚ ਕੁੱਝ ਦੇਸ਼ਾਂ ਦੇ ਲੋਕਾਂ ਦੇ ਪਰਵੇਸ਼ ਉੱਤੇ ਪਾਬੰਦੀ ਲਗਾਉਣ ਦੇ ਟਰੰਪ ਦੀਆਂ ਕੋਸ਼ਿਸ਼ਾਂ ਲਈ ਝਟਕਾ ਹੈ। ਵ੍ਹਾਈਟ ਹਾਊਸ ਨੇ ਅਜਿਹਾ ਸੰਕੇਤ ਦਿੱਤਾ ਹੈ ਕਿ ਉਹ ਇਸ ਫੈਸਲੇ ਦੇ ਖਿਲਾਫ ਅਪੀਲ ਕਰੇਗਾ। ਵਾਟਸਨ ਨੇ ਕਿਹਾ ਕਿ ਯਾਤਰਾ ਪਾਬੰਦੀ ਦੇ ਤੀਜੇ ਪੜਾਅ ਨੂੰ ਕਾਨੂੰਨ ਤਹਿਤ ਜਾਇਜ਼ ਨਹੀਂ ਮੰਨਿਆ ਗਿਆ ਹੈ। ਇਸ ਪਾਬੰਦੀ ਨਾਲ ਉੱਤਰੀ ਕੋਰੀਆ ਅਤੇ ਵੈਨਜ਼ੁਏਲਾ ਦੇ ਕੁੱਝ ਅਧਿਕਾਰੀਆਂ ਦੇ ਨਾਲ-ਨਾਲ ਮੁੱਖ 6 ਮੁਸਲਮਾਨ ਦੇਸ਼ਾਂ ਦੇ ਲੋਕ ਪ੍ਰਭਾਵਿਤ ਹਨ। ਵਾਟਸਨ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਇਸ ਪਾਬੰਦੀ ਵਿਚ ਪਹਿਲਾਂ ਦੇ ਹੁਕਮਾਂ ਦੀ ਤਰ੍ਹਾਂ ਕਮੀਆਂ ਹਨ। ਇਸ ਵਿਚ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ 6 ਦੇਸ਼ਾਂ ਦੇ 15 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਦਾ ਪ੍ਰਵੇਸ਼ ਅਮਰੀਕਾ ਦੇ ਹਿੱਤਾਂ ਲਈ ਕਿਵੇਂ ਨੁਕਸਾਨਦਾਇਕ ਹੋਵੇਗਾ। ਮੁਸਲਮਾਨ ਦੇਸ਼ਾਂ ਈਰਾਨ, ਲੀਬੀਆ, ਸੋਮਾਲੀਆ, ਸੂਡਾਨ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ਉੱਤੇ 90 ਦਿਨ ਦੀ ਅਸਥਾਈ ਪਾਬੰਦੀ ਦੀ ਮਿਆਦ ਖ਼ਤਮ ਹੋਣ ਉੱਤੇ ਉਸ ਦੀ ਜਗ੍ਹਾ ਪਿਛਲੇ ਮਹੀਨੇ ਨਵੇਂ ਹੁਕਮ ਦੀ ਘੋਸ਼ਣਾ ਕੀਤੀ ਗਈ ਸੀ।


Related News