ਕੈਨੇਡਾ ਦੇ ਇਸ ਪ੍ਰੋਵਿੰਸ ਨੇ ਕੀਤਾ ਪਰਵਾਸੀਆਂ ਨੂੰ ਕੰੰਮ ਦੇਣ ਤੋਂ ਇਨਕਾਰ, ਪੰਜਾਬੀ ਵੀ ਹੋਣਗੇ ਪ੍ਰਭਾਵਿਤ

04/21/2017 1:14:20 PM

ਕੈਲਗਰੀ— ਕੈਨੇਡਾ ਦੇ ਐਲਬਰਟਾ ਪ੍ਰੋਵਿੰਸ ਨੇ ਸੰਘੀ ਸਰਕਾਰ ਦੀ ਮਦਦ ਨਾਲ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ 29 ਪੇਸ਼ਿਆਂ ਵਿਚ ਕੰਮ ''ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਦੋ ਸਾਲਾਂ ਦੇ ਇਸ ਪਾਇਲਟ ਪ੍ਰੋਗਰਾਮ ਦਾ ਮਕਸਦ ਇਨ੍ਹਾਂ ਨੌਕਰੀਆਂ ''ਤੇ ਸਥਾਨਕ ਲੋਕਾਂ ਨੂੰ ਪਹਿਲ ਦੇਣਾ ਹੈ। ਇਸ ਅਧੀਨ ਐਲਬਰਟਾ ਦੀਆਂ ਕੰਪਨੀਆਂ ਇਨ੍ਹਾਂ ਨੌਕਰੀਆਂ ਲਈ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਕੰਮ ''ਤੇ ਨਹੀਂ ਰੱਖ ਸਕਣਗੀਆਂ। ਉਨ੍ਹਾਂ ਨੂੰ ਐਲਬਰਟਾ ਦੇ ਲੋਕਾਂ ਨੂੰ ਹੀ ਇਨ੍ਹਾਂ ਕੰਮਾਂ ''ਤੇ ਰੱਖਣਾ ਪਵੇਗਾ। ਇਨ੍ਹਾਂ ਵਰਗਾਂ ਵਿਚ ਆਉਣ ਵਾਲੇ ਪੇਸ਼ਿਆਂ ''ਤੇ ਲੋਕਾਂ ਨੂੰ ਕੰਮ ''ਤੇ ਰੱਖਣ ਲਈ ਪਹਿਲਾਂ ਕੰਪਨੀਆਂ ਨੂੰ ਐਲਬਰਟਾ ਦੇ ਲੇਬਰ ਵਿਭਾਗ ਨਾਲ ਸੰਪਰਕ ਕਰਨਾ ਪਵੇਗਾ ਜਾਂ ਫਿਰ ਸਿੱਧਾ ਸਥਾਨਕ ਲੋਕਾਂ ''ਚੋਂ ਇਨ੍ਹਾਂ ਕਾਮਿਆਂ ਦੀ ਤਲਾਸ਼ ਕਰਨੀ ਪਵੇਗੀ। 
ਕੰਮਾਂ ਦੀ ਇਸ ਸੂਚੀ ਵਿਚ ਇੰਜੀਨੀਅਰ, ਪਲੰਬਰ, ਤਰਖਾਣ (ਕਾਰਪੇਂਟਰ), ਮੈਕੇਨਿਕ ਅਤੇ ਹੋਰ ਪੇਸ਼ੇ ਆਦਿ ਸ਼ਾਮਲ ਹਨ। ਕੈਨੇਡਾ ਦੀ ਰੁਜ਼ਗਾਰ ਮੰਤਰੀ ਪੈਟੀ ਹਾਜੜੂ ਨੇ ਕਿਹਾ ਕਿ ਐਲਬਰਟਾ ਦੇ ਲੋਕਾਂ ਨੂੰ ਕੰਮ ਦੇਣਾ ਉਨ੍ਹਾਂ ਦੀ ਪਹਿਲ ਹੈ। ਕੈਨੇਡਾ ਵਿਚ ਕਿਸੇ ਪ੍ਰੋਵਿੰਸ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕੈਨੇਡਾ ਦੇ ਇੰਪਲਾਇਮੈਂਟ ਅਤੇ ਸੋਸ਼ਲ ਡੈਵਲਪਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਬੀਤੇ ਸਾਲ ਐਲਬਰਟਾ ਵਿਚ 10 ਹਜ਼ਾਰ ਆਰਜ਼ੀ ਵਿਦੇਸ਼ੀ ਕਾਮੇ ਆਏ ਸਨ, ਜਿਨ੍ਹਾਂ ''ਚੋਂ 400 ਹੀ ਇਸ ਪ੍ਰੋਗਰਾਮ ਕਾਰਨ ਪ੍ਰਭਾਵਿਤ ਹੋਣਗੇ। ਇੱਥੇ ਦੱਸ ਦੇਈਏ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਆਰਜ਼ੀ ਵਿਦੇਸ਼ੀ ਕਾਮਿਆਂ ''ਤੇ ਪਾਬੰਦੀ ਲਗਾਏ ਜਾਣ ਕਾਰਨ ਪੰਜਾਬੀਆਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। 

Kulvinder Mahi

News Editor

Related News