ਏਅਰ ਕੈਨੇਡਾ ਨੇ ਫਿਰ ਦਿਖਾਈ ਬੇਰੁਖੀ, ਜਹਾਜ਼ ''ਚ ਬੈਠੇ ਪਰਿਵਾਰ ਨੂੰ ਉਤਾਰਿਆ

04/27/2017 3:06:02 PM

ਵਿਨੀਪੈੱਗ— ਏਅਰ ਕੈਨੇਡਾ ਨੇ ਇਕ ਵਾਰ ਫਿਰ ਬੇਰੁਖੀ ਦਿਖਾਉਂਦੇ ਹੋਏ ਇਕ ਹੋਰ ਪਰਿਵਾਰ ਨੂੰ ਹੇਠਾਂ ਉਤਾਰ ਦਿੱਤਾ। ਇੱਥੇ ਦੱਸ ਦੇਈਏ ਕਿ ਕੈਰੀ ਮੂਰੇ, ਉਸ ਦਾ ਪਤੀ ਅਤੇ ਦੋ ਬੱਚੇ ਫਰਵਰੀ ਵਿਚ ਮਿਆਮੀ ਤੋਂ ਟੋਰਾਂਟੋ ਜਾਣ ਲਈ ਅਮਰੀਕੀ ਏਅਰਲਾਈਨ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ। ਕੈਰੀ ਨੇ ਦੱਸਿਆ ਕਿ ਮਿਆਮੀ ਏਅਰਪੋਰਟ ''ਤੇ ਚੈਕ ਇਨ ਵਿਚ ਕਾਫੀ ਸਮਾਂ ਲੱਗਾ ਅਤੇ ਉਨ੍ਹਾਂ ਦੀ ਫਲਾਈਟ ਮਿਸ ਹੋ ਗਈ। ਅਮਰੀਕੀ ਏਅਰਲਾਈਨ ਨੇ ਉਨ੍ਹਾਂ ਦੀਆਂ ਟਿਕਟਾਂ ਦੁਬਾਰਾ ਬੁੱਕ ਕਰਵਾ ਦਿੱਤੀਆਂ ਪਰ ਇਸ ਵਾਰ ਏਅਰ ਲਾਈਨ ਏਅਰ ਕੈਨੇਡਾ ਸੀ।
ਜਦੋਂ ਪਰਿਵਾਰ ਏਅਰ ਕੈਨੇਡਾ ਦੀ ਫਲਾਈਟ ਵਿਚ ਸਵਾਰ ਹੋਣ ਲੱਗਾ ਤਾਂ ਕੈਰੀ ਨੂੰ ਬੋਰਡਿੰਗ ਗੇਟ ''ਤੇ ਰੋਕ ਦਿੱਤਾ ਗਿਆ ਅਤੇ ਬਾਕੀ ਪਰਿਵਾਰ ਨੂੰ ਫਲਾਈਟ ਵਿਚ ਸਵਾਰ ਹੋਣ ਦਿੱਤਾ ਗਿਆ। ਕੈਰੀ ਦੇ ਪਤੀ ਸਟੀਵ ਨੇ ਦੱਸਿਆ ਕਿ ਉਸ ਦੇ ਬੱਚੇ ਰੋ ਰਹੇ ਸਨ ਕਿ ਉਨ੍ਹਾਂ ਨੂੰ ਜਹਾਜ਼ ਦੇ ਸਟਾਫ ਨੇ ਕਿਹਾ ਕਿ ਉਹ ਵੀ ਹੇਠਾਂ ਉੱਤਰ ਜਾਣ। ਉਨ੍ਹਾਂ ਨੂੰ ਬਾਅਦ ਵਿਚ ਜਹਾਜ਼ ਵਿਚ ਆਉਣ ਨਹੀਂ ਦਿੱਤਾ ਗਿਆ। ਕੈਰੀ ਨੇ ਕਿਹਾ ਕਿ ਇਹ ਬਹੁਤ ਗਲਤ ਵਿਵਹਾਰ ਸੀ। ਕੋਈ ਅਜਿਹਾ ਕਿਵੇਂ ਕਰ ਸਕਦਾ ਹੈ? ਬੋਰਡਿੰਗ ਗੇਟ ''ਤੇ ਸਟਾਫ ਨੇ ਉਨ੍ਹਾਂ ਨੂੰ ਸਿਰਫ ਇਹੀ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਏਅਰਲਾਈਨ ਦੀਆਂ ਟਿਕਟਾਂ ਮਿਲਣੀਆਂ ਸਨ ਪਰ ਗਲਤੀ ਨਾਲ ਉਨ੍ਹਾਂ ਨੂੰ ਏਅਰ ਕੈਨੇਡਾ ਦੀਆਂ ਟਿਕਟਾਂ ਜਾਰੀ ਕਰ ਦਿੱਤੀਆਂ ਗਈਆਂ। ਪਰਿਵਾਰ ਨੇ ਕਿਹਾ ਕਿ ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਪਰ ਉਨ੍ਹਾਂ ਤੋਂ ਇਸ ਦੇ ਬਦਲੇ ਕੋਈ ਮੁਆਫੀ ਨਹੀਂ ਮੰਗੀ ਗਈ। ਜਦੋਂ ਮੂਰੇ ਪਰਿਵਾਰ ਨੇ ਏਅਰ ਕੈਨੇਡਾ ਦੇ ਸੁਪਰਵਾਈਜ਼ਰ ਤੋਂ ਪੁੱਛਿਆ ਕਿ ਉਹ ਹੁਣ ਕੀ ਕਰਨ ਤਾਂ ਉਨ੍ਹਾਂ ਨੇ ਕਿਹਾ ਕਿ ''ਇਹ ਸਾਡੀ ਸਮੱਸਿਆ ਨਹੀਂ ਹੈ।'' ਬਾਅਦ ਵਿਚ ਅਮਰੀਕੀ ਏਅਰਲਾਈਨ ਨੇ ਉਨ੍ਹਾਂ ਨੂੰ ਸ਼ਾਮ ਦੀ ਫਲਾਈਟ ਦੀਆਂ ਟਿਕਟਾਂ ਜਾਰੀ ਕੀਤੀਆਂ ਅਤੇ ਉਹ ਅਗਲੇ ਦਿਨ ਵਿਨੀਪੈੱਗ ਪਹੁੰਚ ਸਕੇ। ਕੁਝ ਘੰਟਿਆਂ ਦਾ ਉਨ੍ਹਾਂ ਦਾ ਸਫਰ 24 ਘੰਟਿਆਂ ਦਾ ਹੋ ਨਿਬੜਿਆ। ਇਸ ਕੌੜੇ ਅਨੁਭਵ ਤੋਂ ਬਾਅਦ ਪਰਿਵਾਰ ਦੁਬਾਰਾ ਜਹਾਜ਼ ਦਾ ਸਫਰ ਨਹੀਂ ਕਰਨਾ ਚਾਹੁੰਦਾ।

Kulvinder Mahi

News Editor

Related News