ਕੈਨੇਡਾ ਦੇ ਸਕੂਲਾਂ ''ਚ ਧਾਰਮਿਕ ਆਜ਼ਾਦੀ ਦੇਣ ਵਾਲੇ ਸਲਾਹਕਾਰ ਨੂੰ ਮਿਲੀ ਧਮਕੀ ਭਰੀ ਈ-ਮੇਲ

Friday, April 21, 2017 3:17 PM
ਕੈਨੇਡਾ ਦੇ ਸਕੂਲਾਂ ''ਚ ਧਾਰਮਿਕ ਆਜ਼ਾਦੀ ਦੇਣ ਵਾਲੇ ਸਲਾਹਕਾਰ ਨੂੰ ਮਿਲੀ ਧਮਕੀ ਭਰੀ ਈ-ਮੇਲ

ਓਨਟਾਰੀਓ— ਮਿਸੀਸਾਗਾ ''ਚ ਰਹਿਣ ਵਾਲੇ ਇਮਾਮ ਇਬਰਾਹਿਮ ਹਿੰਡੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ''ਪੀਲ ਡਿਸਟ੍ਰਿਕਟ ਸਕੂਲ ਬੋਰਡ'' ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਇਸ ਲਈ ਗਲਤ ਲੋਕਾਂ ਨੇ ਉਸ ਨੂੰ ਧਮਕੀ ਭੇਜੀ ਹੈ। ਉਸ ਨੇ ਦੱਸਿਆ ਕਿ ਉਹ ਆਪਣੀਆਂ ਈ-ਮੇਲਜ਼ ਦੇਖ ਰਿਹਾ ਸੀ, ਜਿਸ ''ਚ ਇਕ ਈ-ਮੇਲ ਉਸ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਸੀ। ਇਸ ''ਚ ਇਕ ਵਿਅਕਤੀ ਨੂੰ ਫਾਂਸੀ ਲਗਾਏ ਜਾਣ ਦੀ ਤਸਵੀਰ ਸੀ, ਜਿਸ ਤੋਂ ਭਾਵ ਹੈ ਕਿ ਉਸ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ''ਤੇ ਵੀ ਉਸ ਨੂੰ ਇਹ ਸੰਦੇਸ਼ ਮਿਲਿਆ, ਜਿਸ ''ਚ ਮਸਜਿਦ ਬਾਰੇ ਗਲਤ ਸ਼ਬਦ ਕਹਿ ਕੇ ਇਸ ਨੂੰ ਵੀ ਸਾੜਨ ਦੀ ਗੱਲ ਕੀਤੀ ਗਈ ਹੈ।

ਹਿੰਡੀ ਨੇ ਦੱਸਿਆ ਕਿ ਉਸ ਨੇ ਉਸੇ ਸਮੇਂ ਪੁਲਸ ਨਾਲ ਸੰਪਰਕ ਕੀਤਾ ਅਤੇ ਪੁਲਸ ਨੇ ਮਸਜਿਦ ਦੁਆਲੇ ਗਸ਼ਤ ਵਧਾਏ ਜਾਣ ਦਾ ਵਾਅਦਾ ਕੀਤਾ।ਪੁਲਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਲਈ ਢੁਕਵੇਂ ਸਰੋਤ ਵੀ ਲਾਏ ਗਏ ਹਨ । ਇਸਲਾਮਿਕ ਸੈਂਟਰਾਂ ਦੁਆਲੇ ਗਸ਼ਤ ਵੀ ਵਧਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹਿੰਡੀ ''ਪੀਲ ਡਿਸਟ੍ਰਿਕਟ ਸਕੂਲ ਬੋਰਡ'' ਦੇ ਮਲਟੀਫੇਥ ਗਰੁੱਪ ਦੇ ਵੀ ਮੈਂਬਰ ਹਨ। ਇਹ ਗਰੁੱਪ ਸਾਲ ਵਿੱਚ ਚਾਰ ਵਾਰੀ ਮਿਲਦਾ ਹੈ ਤੇ ਐਜੂਕੇਟਰਜ਼ ਨੂੰ ਇਹ ਸਲਾਹ ਦਿੰਦਾ ਹੈ ਕਿ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਵਿਦਿਆਰਥੀਆਂ ਦੇ ਖਾਸ ਧਾਰਮਿਕ ਦਿਨਾਂ ''ਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਖੁੱਲ੍ਹ ਦਿੱਤੀ ਜਾਵੇ। ਮੁਸਲਮਾਨ ਵਿਦਿਆਰਥੀਆਂ ਨੂੰ ਨਮਾਜ਼ ਅਦਾ ਕਰਨ ਲਈ ਸਕੂਲਾਂ ਵੱਲੋਂ ਵੱਖਰੀ ਥਾਂ ਮੁਹੱਈਆ ਕਰਵਾਏ ਜਾਣ ਦੇ ਮਾਮਲੇ ਵਿੱਚ ਪਿਛਲੇ ਕੁੱਝ ਮਹੀਨਿਆਂ ਵਿੱਚ ਮੁਸਲਮਾਨ ਵਿਰੋਧੀ ਅਨਸਰ ਸਰਗਰਮ ਹੋ ਗਏ ਹਨ। ਟੋਰਾਂਟੋ ਸਕੂਲ ਬੋਰਡ ਵੱਲੋਂ ਮੁਸਲਮਾਨ ਵਿਦਿਆਰਥੀਆਂ ਦੇ ਨਮਾਜ਼ ਅਦਾ ਕਰਨ ਵਾਸਤੇ ਹਰ ਸ਼ੁੱਕਕਰਵਾਰ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਥਾਂ ਦੇ ਮੁੱਦੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਹੁਣ ਮੁਸਲਮਾਨ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਅਤੇ ਮਸਜਿਦ ਨੂੰ ਅੱਗ ਲਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!