ਇਕ ਸਾਲ ਦੌਰਾਨ ਅਮਰੀਕਾ 'ਚ ਵਾਪਰੀਆਂ ਰਿਕਾਰਡ ਤੋੜ ਖੂਨੀ ਵਾਰਦਾਤਾਂ, ਲੋਕਾਂ 'ਚ ਡਰ ਦਾ ਮਾਹੌਲ

05/30/2017 2:42:11 PM

ਵਾਸ਼ਿੰਗਟਨ ,(ਰਾਜੀਵ)— ਅਮਰੀਕਾ 'ਚ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਖੂਨੀ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਪਿਛਲੇ ਦੋ ਦਿਨਾਂ 'ਚ 6 ਅਜਿਹੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ 'ਚ 10 ਵਿਅਕਤੀ ਮਾਰੇ ਗਏ ਅਤੇ 34 ਜ਼ਖਮੀ ਹੋ ਗਏ। ਦੁਨੀਆ ਦੇ ਸਭ ਤੋਂ ਅਮੀਰ ਅਤੇ ਤਾਕਤਵਰ ਦੇਸ਼ 'ਚ ਪਿਛਲੇ ਸਾਲ ਦੇ 365 ਦਿਨਾਂ ਵਿੱਚ 372 ਸ਼ੂਟਿੰਗਜ਼ ਹੋਈਆਂ, ਜੋ ਅਮਰੀਕਨ ਲੋਕਾਂ ਦੀ ਮਾਨਸਿਕ ਸਥਿਤੀ ਵਰਣਨ ਕਰਦੀਆਂ ਹਨ। ਇਹ ਉਹ ਸ਼ੂਟਿੰਗਜ਼ ਹਨ, ਜਿਨ੍ਹਾਂ 'ਚ ਬਿਨਾਂ ਕਿਸੇ ਕਾਰਨ ਜਨਤਕ ਸਥਾਨਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਆਮ ਲੋਕ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ । 
ਹੁਣ ਤਕ ਇਸ ਸਾਲ 'ਚ 148 ਦਿਨਾਂ 'ਚ 150 ਤੋਂ ਵਧ ਸ਼ੂਟਿੰਗਜ਼ ਦੱਸ ਰਹੀਆਂ ਹਨ ਕਿ ਸਿਰਫ ਧਨ-ਦੌਲਤ, ਬਾਹਰੀ ਐਸ਼ੋ-ਆਰਾਮ ਦੇ ਸਮਾਨ ਅਤੇ ਬਾਹਰੀ ਸੁੱਖ-ਸਹੂਲਤਾਂ ਮਨੁੱਖ ਨੂੰ ਸੁਖੀ ਨਹੀਂ ਰੱਖ ਸਕਦੀਆਂ, ਜਦੋਂ ਤੱਕ ਮਨੁੱਖ ਆਪਣੇ ਆਪ ਨਾਲ ਜੁੜ ਕੇ ਅੰਦਰੋਂ ਸੁੱਖ ਪ੍ਰਾਪਤ ਨਹੀਂ ਕਰਦਾ। ਬੇਸ਼ਕ ਸਿਆਸਤਦਾਨਾਂ ਅਤੇ ਧਾਰਮਿਕ ਆਗੂਆਂ ਦੇ ਗਠਜੋੜ ਅਧਾਰਿਤ ਨਕਲੀ ਧਾਰਮਿਕ ਫਿਰਕਿਆਂ ਦੀ ਲੁੱਟ ਨੇ ਲੋਕਾਂ 'ਚ ਧਰਮ ਪ੍ਰਤੀ ਉਪਰਾਮਤਾ ਪੈਦਾ ਕੀਤੀ ਹੈ ਪਰ ਆਪਣੇ ਮਨ ਦੀ ਸ਼ਾਂਤੀ ਅਤੇ ਆਨੰਦ ਲਈ ਅਸਲੀ ਧਰਮ ਵੱਲ ਮੁੜੇ ਬਿਨਾਂ ਮਨੁੱਖ ਦਾ ਭਲਾ ਨਹੀਂ ਹੋ ਸਕਦਾ। ਰੂਹਾਨੀਅਤ ਤੋਂ ਟੁੱਟ ਕੇ ਮਨੁੱਖ ਡਿਪਰੈਸ਼ਨ, ਮਾਨਸਿਕ ਬੀਮਾਰੀਆਂ ਅਤੇ ਸਰੀਰਕ ਬੀਮਾਰੀਆਂ ਦਾ ਸ਼ਿਕਾਰ ਹੀ ਹੋਵੇਗਾ। ਬਾਹਰੀ ਸੁੱਖ-ਸਹੂਲਤਾਂ ਨਾਲ ਅੰਦਰਲਾ ਸੁੱਖ ਤੇ ਤ੍ਰਿਪਤੀ ਨਹੀਂ ਹੋ ਸਕਦੀ ।


Related News