ਆਸਟਰੇਲੀਆ ਭਰ ''ਚ ਇਕ ਮਹੀਨੇ ਤੱਕ ਚੱਲੇਗਾ ਗੁਰਮਤਿ ਸੰਗੀਤਕ ਸਮਾਗਮ

12/12/2017 8:35:31 AM

ਮੈਲਬੋਰਨ, (ਮਨਦੀਪ ਸੈਣੀ)— ਸਿੱਖ ਵਿਰਸੇ ਤੇ ਵਿਰਾਸਤ ਨੂੰ ਸਾਂਭਣ ਅਤੇ ਆਸਟਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਰਵਾਇਤੀ ਗੁਰਮਤਿ ਸੰਗੀਤ ਨਾਲ ਜੋੜਨ ਦੇ ਉਦੇਸ਼ ਨਾਲ ਆਸਟਰੇਲੀਆਈ ਕੌਮੀ ਸਿੱਖ ਖੇਡ ਤੇ ਸੱਭਿਆਚਾਰਕ ਕਮੇਟੀ ਵੱਲੋਂ 1 ਮਾਰਚ ਤੋਂ 1 ਅਪ੍ਰੈਲ 2018 ਤੱਕ ਗੁਰਮਤਿ ਸੰਗੀਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਿੰ. ਸੁਖਵੰਤ ਸਿੰਘ ਦੀ ਰਹਿਨੁਮਾਈ ਹੇਠ ਹੋਣ ਜਾ ਰਹੇ ਇਨ੍ਹਾਂ ਕੀਰਤਨ ਸਮਾਗਮਾਂ 'ਚ ਪ੍ਰਸਿੱਧ ਰਾਗੀ ਤੇ ਸਿੱਖ ਸੰਗੀਤਕਾਰ ਹਿੱਸਾ ਲੈ ਰਹੇ ਹਨ।
ਆਸਟਰੇਲੀਆ 'ਚ ਪਹਿਲੀ ਵਾਰ ਹੋਣ ਜਾ ਰਹੇ ਗੁਰਮਤਿ ਸਮਾਗਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ 31 ਰਾਗਾਂ 'ਤੇ ਆਧਾਰਿਤ ਨਿਰੋਲ ਕੀਰਤਨ ਹੋਵੇਗਾ ਅਤੇ ਰਬਾਬ, ਤਾਊਸ ਅਤੇ ਹੋਰ ਤੰਤੀ ਸਾਜ਼ ਕੀਰਤਨ ਦੌਰਾਨ ਵਰਤੇ ਜਾਣਗੇ ।ਤਕਰੀਬਨ ਇਕ ਮਹੀਨਾ ਚੱਲਣ ਵਾਲੇ ਇਸ ਗੁਰਮਤਿ ਸੰਗੀਤ ਸਮਾਗਮ ਦੀ ਆਰੰਭਤਾ 2 ਮਾਰਚ ਤੋਂ ਪਰਥ ਦੇ ਬੈਨਟਸ ਹਿੱਲਜ਼ ਗੁਰੂ ਘਰ ਤੋਂ ਹੋਵੇਗੀ ਤੇ ਮੈਲਬੋਰਨ, ਐਡੀਲੇਡ, ਬ੍ਰਿਸਬੇਨ, ਸ਼ੈਪਰਟਨ, ਕੇਨਜ਼, ਕੈਨਬਰਾ, ਗ੍ਰਿਫਿਥ, ਵੂਲਗੂਲਗਾ ਸਮੇਤ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸੁਸ਼ੋਭਿਤ ਗੁਰੂ ਘਰਾਂ ਵਿਚ ਕੀਰਤਨੀਏ ਸਿੰਘ ਨਿਰੋਲ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰਨਗੇ। 31 ਮਾਰਚ ਨੂੰ ਸਿਡਨੀ ਦੇ ਗਲੈਨਵੁੱਡ ਗੁਰੂ ਘਰ ਵਿਚ ਅੰਤਿਮ ਪੜਾਅ ਦੇ ਦੀਵਾਨ ਸਜਾਏ ਜਾਣਗੇ। ਆਸਟਰੇਲੀਅਨ ਸਿੱਖ ਖੇਡ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਨਿਵੇਕਲੇ ਉਪਰਾਲੇ 'ਤੇ ਤਕਰੀਬਨ 50 ਹਜ਼ਾਰ ਡਾਲਰ ਖਰਚਾ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 31ਵੀਆਂ ਸਾਲਾਨਾ ਸਿੱਖ ਖੇਡਾਂ ਸਿਡਨੀ ਵਿਚ 30 ਮਾਰਚ ਤੋਂ 1 ਅਪ੍ਰੈਲ 2018 ਤੱਕ ਕਰਵਾਈਆਂ ਜਾ ਰਹੀਆਂ ਹਨ।


Related News