188 ਲੋਕਾਂ ਨੂੰ 'ਫਰਜ਼ੀ ਗ੍ਰੰਥੀ' ਯੂ. ਕੇ. ਸੱਦਣ ਵਾਲੇ ਪੰਜਾਬੀ ਨੂੰ ਮਿਲੀ ਸਜ਼ਾ

06/24/2017 9:43:28 PM

ਲੰਡਨ (ਰਾਜਵੀਰ ਸਮਰਾ) — ਬ੍ਰਿਟੇਨ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ, ਉਸ ਦੀ ਪਤਨੀ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਸਜ਼ਾ ਸੁਣਾਈ ਗਈ ਹੈ। 48 ਸਾਲਾ ਮਲਕੀਤ ਸਿੰਘ ਰਾਠੋੜ ਵਾਸੀ ਬਿਰਕਿਨਸ਼ਾਅ ਨੂੰ ਭਾਰਤ ਤੋਂ 188 ਧਾਰਮਿਕ ਕਾਮਿਆਂ (ਸਿੱਖ ਪ੍ਰਚਾਰਕ ਵਜੋਂ) ਨੂੰ ਗੈਰ-ਕਾਨੂੰਨੀ ਢੰਗ ਨਾਲ ਯੂ. ਕੇ. ਸੱਦਣ ਦੇ ਮਾਮਲਿਆਂ ਵਿਚ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੱਸਿਆ ਕਿ ਰਾਠੋੜ 1999 'ਚ ਸਿੱਖ ਪ੍ਰਚਾਰਕ ਵਜੋਂ ਇੰਗਲੈਂਡ ਆਇਆ ਸੀ। ਜਿਸ ਤੋਂ ਬਾਅਦ ਉਸ ਨੇ ਇੱਥੇ ਪੱਕੀ ਰਿਹਾਇਸ਼ ਹਾਸਲ ਕਰ ਲਈ। ਉਪਰੰਤ 2007 ਵਿਚ ਉਸ ਨੇ ਬਰਤਾਨਵੀ ਨਾਗਰਿਕਤਾ ਹਾਸਲ ਕਰ ਲਈ। ਉਸ ਨੇ ਇੱਥੇ ਦੋ ਚੈਰਿਟੀਆਂ ਗੁਰੂ ਨਾਨਕ ਮਿਸ਼ਨ ਯੂ. ਕੇ. ਅਤੇ ਸ੍ਰੀ ਗੁਰੂ ਨਾਨਕ ਜੋਤ ਪ੍ਰਕਾਸ਼ ਸਿੱਖ ਮਿਸ਼ਨਰੀ ਸਥਾਪਤ ਕਰ ਲਈਆਂ। ਜਿਨ੍ਹਾਂ ਨੂੰ ਉਸ ਨੇ ਆਪਣੀ ਇਮੀਗ੍ਰੇਸ਼ਨ ਸੰਬੰਧੀ ਧੋਖਾਧੜੀ ਦਾ ਹਿੱਸਾ ਬਣਾਇਆ। ਉਸ ਨੇ ਭਾਰਤੀ ਪਰਵਾਸੀਆਂ ਵੱਲੋਂ ਵੀਜ਼ਾ ਦਿਵਾਉਣ ਦੇ ਕਈ ਹਜ਼ਾਰਾਂ ਪੌਂਡ ਵਸੂਲੇ। 
ਪੁਲਸ ਵੱਲੋਂ ਕੀਤੀ ਜਾਂਚ ਵਿਚ ਸਾਹਮਣੇ ਆਇਆ ਕਿ ਮਲਕੀਤ ਸਿੰਘ ਰਾਠੋੜ ਦੀ ਪਤਨੀ ਅਤੇ ਇਕ ਹੋਰ ਰਿਸ਼ਤੇਦਾਰ ਔਰਤ ਦੇ ਬੈਂਕ ਖਾਤਿਆਂ ਰਾਹੀਂ ਤਕਰੀਬਨ 5,94,000 ਪੌਂਡ ਦਾ ਲੈਣ-ਦੇਣ ਹੋਇਆ ਸੀ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿਚ ਮਲਕੀਤ ਸਿੰਘ ਰਾਠੋੜ ਨੂੰ 9 ਸਾਲ ਦੀ ਕੈਦ, ਉਸ ਦੀ ਪਤਨੀ ਮਨਪ੍ਰੀਤ ਕੌਰ ਰਾਠੋੜ ਅਤੇ ਇਕ ਹੋਰ ਰਿਸ਼ਤੇਦਾਰ 44 ਸਾਲਾ ਸਰੋਜ ਕੌਰ ਨੂੰ ਕ੍ਰਮਵਾਰ ਛੇ ਅਤੇ ਚਾਰ ਮਹੀਨਿਆਂ ਦੀ ਸਜ਼ਾ ਸੁਣਾਈ ਹੈ ਅਤੇ ਦੋਹਾਂ ਨੂੰ 18 ਮਹੀਨਿਆਂ ਦੀ ਲਮਕਵੀਂ ਸਜ਼ਾ ਹੋਵੇਗੀ।


Related News