ਗੁਰਦੁਆਰਾ ਸਾਹਿਬ ਦਾ 5ਵਾਂ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

08/05/2017 8:05:49 PM

ਰੋਮ ਇਟਲੀ (ਕੈਂਥ)—ਇਟਲੀ ਵਿੱਚ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੱਚਾਉਣ ਲਈ ਅਨੇਕਾਂ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿਨ-ਰਾਤ ਸੇਵਾ ਨਿਭਾਅ ਰਹੀਆਂ ਹਨ ਅਤੇ ਇਹਨਾਂ ਵਿੱਚੋਂ ਹੀ ਇੱਕ ਹੈ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਦੀ ਪ੍ਰਬੰਧਕ ਕਮੇਟੀ ਜਿਸ ਨੇ ਕਿ ਗੁਰਦੁਆਰਾ ਸਾਹਿਬ ਦਾ 5ਵਾਂ ਸਥਾਪਨਾ ਦਿਵਸ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ।ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਵਿਖੇ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਮਨਾਏ ਗੁਰਦੁਆਰਾ ਸਾਹਿਬ ਦੇ 5ਵੇਂ ਸਥਾਪਨਾ ਦਿਵਸ ਮੌਕੇ ਆਰੰਭੇ ਦੋ ਸ੍ਰੀ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ 'ਚ ਮਿਸ਼ਨ ਦੇ ਪ੍ਰਸਿੱਧ ਕੀਰਤਨੀਏ ਸ੍ਰੀ ਸੰਦੀਪ ਲੋਈ ਮਾਨਤੋਵਾ ਵਾਲਿਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਿਤ ਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ।ਇਸ ਮੌਕੇ ਸ੍ਰੀ ਸੰਦੀਪ ਲੋਈ ਵਲੋਂ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਇਨਕਲਾਬੀ ਰਚਨਾ ਗਾਕੇ ਹਾਜ਼ਰ ਸਭ ਸੰਗਤਾਂ ਨੂੰ ਭਾਵੁਕ ਕਰ ਦਿੱਤਾ ਕਿਉਂਕਿ ਸੰਤਾਂ ਦੀ ਸ਼ਹੀਦੀ ਰਵਿਦਾਸੀਆ ਧਰਮ ਦੇ ਲੋਕਾਂ ਲਈ ਵਿਸ਼ੇਸ਼ ਬਲੀਦਾਨ ਹੈ।ਸਮਾਗਮ ਮੌਕੇ ਇੱਕ ਨੰਨ੍ਹੀ ਬੱਚੀ ਜੈਸੀਕਾ ਸੰਧੂ ਨੇ ਵੀ ਇੱਕ ਮਿਸ਼ਨਰੀ ਕਵੀਤਾ ਪੇਸ਼ ਕੀਤੀ।ਇਸ 5ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਇਟਲੀ ਦੇ ਉੱਘੇ ਸਮਾਜ ਸੇਵਕ ਅਤੇ ਮਿਸ਼ਨਰੀ ਗਾਇਕ ਜਸਵੀਰ ਬੱਬੂ ਪ੍ਰਧਾਨ ਨੇ ਕਿਹਾ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ (ਵਿਚੈਂਸਾ) ਗੁਰਦੁਆਰਾ ਸਾਹਿਬ ਦੀ ਇਮਾਰਤ ਸਭ ਸੰਗਤਾਂ ਦੇ ਸਹਿਯੋਗ ਨਾਲ ਅੱਜ ਤੋਂ 5 ਸਾਲ ਪਹਿਲਾਂ ਖਰੀਦੀ ਗਈ ਸੀ, ਜਿੱਥੇ ਕਿ ਧਾਰਮਿਕ ਗ੍ਰੰਥ “ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤਬਾਣੀ ਜੀ “ਦਾ ਪ੍ਰਕਾਸ਼ ਹੈ।ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਹਰ ਸਾਲ ਅਨੇਕਾਂ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ 'ਚ ਸੰਗਤਾਂ ਹਾਜ਼ਰੀ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।ਗੁਰਦੁਆਰਾ ਸਾਹਿਬ ਦੇ 5ਵੇਂ ਸਥਾਪਨਾ ਦਿਵਸ ਦੀ ਸਭ ਸੰਗਤਾਂ ਨੂੰ ਵਿਸ਼ੇਸ਼ ਮੁਬਾਰਕਬਾਦ।ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੁੜਕੇ ਮਨੁੱਖਤਾ ਦੇ ਭਲੇ ਹਿੱਤ ਕਾਰਜ ਕਰਨੇ ਚਾਹੀਦੇ ਹਨ, ਜਿਸ ਨਾਲ ਸਭ ਦਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਹੋ ਜਾਵੇ।ਸਮਾਗਮ 'ਚ ਸਭ ਸੰਗਤਾਂ ਦੇ ਸ਼ਿਰਕਤ ਲਈ ਉਨ੍ਹਾਂ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਨੌਜਵਾਨ ਵਰਗ ਨੂੰ ਮਿਸ਼ਨ ਨਾਲ ਜੁੜਣ ਲਈ ਪ੍ਰੇਰਿਆ।ਇਸ ਸਮਾਗਮ ਮੌਕੇ ਮਿਸ਼ਨਰੀ ਗਾਇਕ ਸੰਦੀਪ ਲੋਈ ਅਤੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖਸ਼ਿਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਸਟੇਜ ਸਕੱਤਰ ਦੀ ਸੇਵਾ ਕੁਲਜਿੰਦਰ ਬਬਲੂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ।


Related News