ਬਰੈਂਪਟਨ ਸਿਟੀ ਵਿਚ ਹੋਵੇਗਾ ਪੰਜ ਸਿੱਖ ਸ਼ਖਸੀਅਤਾਂ ਦਾ ਸਨਮਾਨ, ਭਾਈਚਾਰੇ ਲਈ ਦੇ ਰਹੀਆਂ ਹਨ ਅਣਮੋਲ ਯੋਗਦਾਨ

04/21/2017 6:03:04 PM

 ਬਰੈਂਪਟਨ— ਸਿੱਖ ਹੈਰੀਟੇਜ ਮੰਥ ਦੇ ਜਸ਼ਨਾਂ ਦੇ ਚੱਲਦਿਆਂ ਬਰੈਂਪਟਨ ਸਿਟੀ ਵੱਲੋਂ ਭਾਈਚਾਰੇ ਲਈ ਅਦੁੱਤੀਆਂ ਸੇਵਾਵਾਂ ਦੇਣ ਅਤੇ ਵਧੀਆ ਕੰਮ ਕਰਨ ਵਾਲੇ ਪੰਜ ਸਿੱਖਾਂ ਦਾ ਸਨਮਾਨ ਕੀਤਾ ਜਾਵੇਗਾ।  ਇਹ ਐਵਾਰਡ ਸਮਾਗਮ ਮੰਗਲਵਾਰ 25 ਅਪ੍ਰੈਲ ਨੂੰ ਬਰੈਂਪਟਨ ਸਿਟੀ ਹਾਲ ਵਿਚ ਆਯੋਜਿਤ ਕੀਤਾ ਜਾਵੇਗਾ। ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਪ੍ਰੈਲ ਦਾ ਮਹੀਨਾ ਓਨਟਾਰੀਓ ਵਿਚ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਬਰੈਂਪਟਨ ਸਿਟੀ ਸਿੱਖ ਭਾਈਚਾਰੇ ਵੱਲੋਂ ਪਾਏ ਯੋਗਦਾਨ ਦਾ ਜਸ਼ਨ ਮਨਾਉਣਾ ਚਾਹੁੰਦੀ ਹੈ। ਇਸ ਐਵਾਰਡ ਸਮਾਗਮ ਵਿਚ ਹਰ ਕੋਈ ਹਿੱਸਾ ਲੈ ਸਕੇਗਾ। ਸਨਮਾਨਤ ਕੀਤੀਆਂ ਜਾਣ ਵਾਲੀਆਂ ਸ਼ਖਸੀਅਤਾਂ ਇਸ ਤਰ੍ਹਾਂ ਹਨ—

1. ਬਾਸਕਟਬਾਲ ਖਿਡਾਰੀ ਮਨਵਿੰਦਰ ਸਿੰਘ ਸਹੋਤਾ ਦਾ ਸਨਮਾਨ ਕੀਤਾ ਜਾਵੇਗਾ। ਬਰੈਂਪਟਨ ਵਿਚ ਪਲੇ ਅਤੇ ਵੱਡੇ ਹੋਏ ਸਹੋਤਾ ਨੇ ਐਨ. ਸੀ. ਏ. ਏ. ਵੱਲੋਂ ਪੂਰੇ ਉੱਤਰੀ ਅਮਰੀਕਾ ਅਤੇ ਕੌਮਾਂਤਰੀ ਪੱਧਰ ''ਤੇ ਆਪਣੀ ਖੇਡ ਦਾ ਜਲਵਾ ਵਿਖਾਇਆ। ਇਨ੍ਹਾਂ ਗਰਮੀਆਂ ਵਿਚ ਉਹ ਯੂਥ ਡਵੈਲਪਮੈਂਟ ਪ੍ਰੋਗਰਾਮ, ਜਿਸ ਨੂੰ ''ਜੋਰ ਬਾਸਕਟਬਾਲ'' ਆਖਿਆ ਜਾਂਦਾ ਹੈ, ਲਾਂਚ ਕਰੇਗਾ। 
2. ਅਪਾਹਜਾਂ ਦੇ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਹਰਵਿੰਦਰ ਕੌਰ ਬਾਜਵਾ ਦਾ ਵੀ ਇਸ ਮੌਕੇ ਸਨਮਾਨ ਕੀਤਾ ਜਾਵੇਗਾ। ਬਾਜਵਾ ਬਹੁਤ ਕਮਾਲ ਦੀ ਫੰਡਰੇਜ਼ਰ ਹੈ ਅਤੇ ਉਹ ਕੈਨੇਡੀਅਨ ਸਾਊਥ ਏਸ਼ੀਅਨਜ਼ ਸਪੋਰਟਿੰਗ ਇੰਡੀਪੈਂਡੈਂਟ ਲਿਵਿੰਗ (ਸੀ. ਐਸ. ਏ. ਐਸ. ਆਈ. ਐਲ.) ਦੀ ਬਾਨੀ ਵੀ ਹੈ। ਇਹ ਸੰਸਥਾ ਗੈਰ ਮੁਨਾਫੇ ਵਾਲੀ ਸੰਸਥਾ ਹੈ ਅਤੇ ਅਜਿਹੇ ਲੋਕਾਂ ਵੱਲੋਂ ਚਲਾਈ ਜਾਂਦੀ ਹੈ, ਜਿਹੜੇ ਅਪਾਹਜਾਂ ਦੇ ਅਧਿਕਾਰਾਂ ਲਈ ਲੜਦੇ ਹਨ।
3. ਕੈਨੇਡੀਅਨ ਪੰਜਾਬੀ ਐਕਟਰ ਅਤੇ ਕਾਮੇਡੀਅਨ ਰੂਪਨ ਸਿੰਘ ਬੱਲ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਜਾਵੇਗਾ। ਬੱਲ ਨੂੰ ਉਸ ਸਮੇਂ ਮਸ਼ਹੂਰੀ ਮਿਲੀ ਜਦੋਂ ਉਸ ਦੇ ਸਾਥੀ ਕੈਨੇਡੀਅਨ ਪੰਜਾਬੀ ਕਾਮੇਡੀਅਨ ਅਤੇ ਯੂ ਟਿਊਬਰ ਜੱਸ ਰੇਨ ਨੇ ਉਸ ਨਾਲ ਕਾਮੇਡੀ ਭੂਮਿਕਾਵਾਂ ਕੀਤੀਆਂ। ਉਸ ਨੇ ਬਰੈਂਪਟਨ ਅਤੇ ਕੌਮਾਂਤਰੀ ਪੱਧਰ ਉੱਤੇ ਐਕਟਿੰਗ ਅਤੇ ਡਾਇਰੈਕਟਿੰਗ ਦੇ ਖੇਤਰ ਵਿਚ ਕਾਫੀ ਮੱਲਾਂ ਮਾਰੀਆਂ ਹਨ। 
4. ਬਰੈਂਪਟਨ ਵਾਸੀ ਬਿਕਰਮਜੀਤ ਸਿੰਘ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਆਨਾ ਵਿਚ ਬਾਲ ਸਟੇਟ ਯੂਨੀਵਰਸਿਟੀ ਤੋਂ ਡਵੀਜ਼ਨ 1 ਐਨ. ਸੀ. ਏ. ਏ. ਖੇਡਣ ਨਾਲ ਕੀਤੀ।  ਇਸ ਸਮੇਂ ਉਹ ਕੌਮਾਂਤਰੀ ਪੱਧਰ ''ਤੇ ਨਾਮਣਾ ਖੱਟ ਰਿਹਾ ਹੈ ਅਤੇ ਜਪਾਨ ਦੀ ਪ੍ਰੋਫੈਸ਼ਨਲ ਲੀਗ ਵਿਚ ਬਰੈਂਪਟਨ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਮੌਕੇ ਬਿਕਰਮਜੀਤ ਦਾ ਵੀ ਸਨਮਾਨ ਕੀਤਾ ਜਾਵੇਗਾ। 
5. ਅਵਤਾਰ ਔਜਲਾ ਨੂੰ ਵੀ ਇਸ ਮੌਕੇ ਸਨਮਾਨਤ ਕੀਤਾ ਜਾਵੇਗਾ। ਉਹ ਬਰੈਂਪਟਨ ਦੇ ਪਹਿਲੇ ਸਾਊਥ ਏਸ਼ੀਅਨ ਸਿਟੀ ਕੌਂਸਲਰ ਹਨ, ਜਿਨ੍ਹਾਂ ਨੇ 2000 ਤੋਂ 2003 ਤੱਕ ਸੇਵਾ ਨਿਭਾਈ।

Kulvinder Mahi

News Editor

Related News