ਚੀਨ ''ਚ ਕੁਦਰਤ ਨੇ ਵਰ੍ਹਾਇਆ ਕਹਿਰ, ਹੜ੍ਹ ਕਾਰਨ 34 ਲੋਕਾਂ ਦੀ ਮੌਤ ਕਈ ਲਾਪਤਾ

06/26/2017 11:18:13 AM

ਬੀਜਿੰਗ— ਚੀਨ ਦੇ ਦੱਖਣੀ-ਪੱਛਮੀ ਇਲਾਕੇ 'ਚ ਲਗਾਤਾਰ ਪਏ ਮੀਂਹ ਕਾਰਨ ਆਏ ਹੜ੍ਹ 'ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ, ਜਦਕਿ ਜ਼ਮੀਨ ਖਿਸਕਣ ਕਾਰਨ 93 ਹੋਰ ਲੋਕ ਲਾਪਤਾ ਹੋ ਗਏ। ਜ਼ਮੀਨ ਖਿਸਕਣ ਕਾਰਨ ਸਾਢੇ ਚਾਰ ਲੱਖ ਤੋਂ ਵਧ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਂਵਾਂ 'ਤੇ ਲੈ ਜਾਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ 'ਚ 3,000 ਤੋਂ ਵਧ ਬਚਾਅ ਕਰਮਚਾਰੀ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ 93 ਲੋਕਾਂ ਨੂੰ ਭਾਲ ਰਹੇ ਹਨ। ਇਨ੍ਹਾਂ ਲੋਕਾਂ ਦੇ ਚੱਟਾਨਾਂ ਅਤੇ ਮਿੱਟੀ ਦੇ ਹੇਠਾਂ ਦੱਬੇ ਹੋਣ ਦੀ ਖਦਸ਼ਾ ਹੈ।
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਤਿੱਬਤੀ ਅਤੇ ਕਿਯਾਂਗ ਖੁਦਮੁਖਤਿਆਰ ਸੂਬੇ ਅਬਾ ਦੀ ਮਾਓਕਿਸਅਨ ਕਾਊਂਟੀ ਦੇ ਜਿਨੋ ਪਿੰਡ 'ਚ 62 ਘਰ ਤਬਾਹ ਹੋ ਗਏ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਇਕ ਪਰਿਵਾਰ ਦੇ ਸਿਰਫ ਤਿੰਨ ਲੋਕਾਂ ਨੂੰ ਬਚਾਇਆ ਜਾ ਸਕਿਆ, ਜਦਕਿ ਲਾਪਤਾ ਹੋਏ ਲੋਕਾਂ ਦੇ ਬਚੇ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਇਸ ਤੋਂ ਇਲਾਵਾ ਜਿਆਂਗਸੀ ਸੂਬੇ, ਗੁਈਝੇਉ, ਹੁਨਾਨ ਅਤੇ ਅਨਹੁਈ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ 22 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲਾਪਤਾ ਹੋ ਗਏ। ਸੂਬੇ ਦੇ ਹੜ੍ਹ ਕੰਟਰੋਲ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੋਂ ਪੈ ਰਹੇ ਮੀਂਹ ਕਾਰਨ ਯਾਂਗਸ਼ੀ ਸੂਬੇ 'ਚ ਤਕਰੀਬਨ 18 ਲੱਖ ਲੋਕ ਪ੍ਰਭਾਵਿਤ ਹੋਏ। ਮੌਸਮ ਸੰਬੰਧੀ ਅਨੁਮਾਨ ਮੁਤਾਬਕ ਅੱਜ ਮੀਂਹ ਘੱਟ ਪੈ ਸਕਦਾ ਹੈ ਪਰ ਹਫਤੇ ਦੇ ਅਖੀਰ ਵਿਚ ਇਹ ਫਿਰ ਤੋਂ ਜ਼ੋਰ ਫੜ ਸਕਦਾ ਹੈ।


Related News