ਬ੍ਰਿਟੇਨ ਦੇ ਮੈਨਚੇਸਟਰ ''ਚ ਵੱਡਾ ਬੰਬ ਧਮਾਕਾ, 22 ਲੋਕਾਂ ਦੀ ਮੌਤ, ਕਈ ਜ਼ਖਮੀ (ਤਸਵੀਰਾਂ)

05/23/2017 3:54:47 PM

ਲੰਡਨ— ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਉੱਤਰੀ ਸ਼ਹਿਰ ਮੈਨਚੇਸਟਰ ''ਚ ਸੋਮਵਾਰ ਰਾਤ ਇਕ ਸੰਗੀਤ ਪ੍ਰੋਗਰਾਮ ਦੌਰਾਨ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਧਮਾਕੇ ''ਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 50 ਤੋਂ ਵਧ ਜ਼ਖਮੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਉੱਥੇ ਰਾਤ ਦੇ ਲਗਭਗ ਸਾਢੇ ਦਸ ਵਜੇ ਸਨ। ਇਹ ਧਮਾਕਾ ਉਦੋਂ ਹੋਇਆ ਜਦੋਂ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦਾ ਸੰਗੀਤ ਪ੍ਰੋਗਰਾਮ ਚੱਲ ਰਿਹਾ ਸੀ। ਉਸ ਸਮੇਂ ਉੱਥੇ ਲਗਭਗ 21 ਹਜ਼ਾਰ ਲੋਕ ਮੌਜੂਦ ਸਨ। ਪੁਲਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲਾ ਕਿਸੇ ਆਤਮਘਾਤੀ ਹਮਲਾਵਰ ਨੇ ਕੀਤਾ ਹੈ। ਪੀੜਤਾਂ ਨੂੰ ਮੈਨਚੇਸਟਰ ਸ਼ਹਿਰ ਦੇ 6 ਹਸਪਤਾਲਾਂ ''ਚ ਲਿਜਾਇਆ ਗਿਆ ਹੈ। ਧਮਾਕੇ ਦੇ ਬਾਅਦ ਮੈਨਚੇਸਟਰ ਵਿਕਟੋਰੀਆ ਰੇਲਵੇ ਸਟੇਸ਼ਨ ''ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਪੁਲਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਵਿਕਟੋਰੀਆ ਰੇਲਵੇ ਸਟੇਸ਼ਨ ਨੂੰ ਮੰਗਲਵਾਰ ਤਕ ਬੰਦ ਰੱਖਿਆ ਜਾ ਸਕਦਾ ਹੈ। 

ਚਸ਼ਮਦੀਦਾਂ ਮੁਤਾਬਕ, ਧਮਾਕੇ ਦੌਰਾਨ ਅਰਿਆਨਾ ਗ੍ਰਾਂਡੇ ਸਟੇਜ ''ਤੇ ਮੌਜੂਦ ਨਹੀਂ ਸੀ, ਜਦੋਂ ਅਚਾਨਕ ਧਮਾਕਾ ਹੋਇਆ ਤਾਂ ਲੋਕਾਂ ''ਚ ਹਫੜਾ-ਦਫੜੀ ਮਚ ਗਈ, ਲੋਕ ਡਰ ਦੇ ਮਾਰੇ ਚੀਕਾਂ ਮਾਰਨ ਲੱਗੇ ਅਤੇ ਉੱਚੀ-ਉੱਚੀ ਰੋਣ ਲੱਗੇ। ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿੱਧਰ ਜਾਈਏ। 

ਲੰਡਨ ਪੁਲਸ ਵੱਲੋਂ ਜਾਰੀ ਬਿਆਨ ''ਚ ਕਿਹਾ ਗਿਆ, ''ਸੋਮਵਾਰ ਨੂੰ ਰਾਤ 10.35 ਵਜੇ ਮੈਨਚੇਸਟਰ ਅਰੀਨਾ ''ਚ ਧਮਾਕੇ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਸ ਨੂੰ ਸੱਦਿਆ ਗਿਆ। ਅਜੇ ਤਕ 22 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਲਗਭਗ 50 ਲੋਕ ਜ਼ਖਮੀ ਦੱਸੇ ਗਏ ਹਨ। ਇਸ ਨੂੰ ਫਿਲਹਾਲ ਅੱਤਵਾਦੀ ਘਟਨਾ ਮੰਨਿਆ ਜਾ ਰਿਹਾ ਹੈ ਜਦੋਂ ਤਕ ਕਿ ਪੁਲਸ ਨੂੰ ਕੋਈ ਦੂਜਾ ਕਾਰਨ ਪਤਾ ਨਹੀਂ ਚੱਲ ਜਾਂਦਾ।''

ਪੂਰੇ ਇਲਾਕੇ ਦੀ ਘੇਰਾਬੰਦੀ ਕਾਰਨ ਜਿਹੜੇ ਲੋਕ ਵਾਪਸ ਆਪਣੇ ਘਰਾਂ ਨੂੰ ਨਹੀਂ ਜਾ ਸਕੇ ਉਨ੍ਹਾਂ ਲਈ ਉੱਥੇ ਦੇ ਹੋਟਲਾਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਨੇੜੇ ਦਾ ਇਕ ਹਾਲੀਡੇ ਹੋਟਲ ਉਨ੍ਹਾਂ ਮਾਪਿਆਂ ਲਈ ਫੋਕਲ ਪੁਆਇੰਟ ''ਚ ਤਬਦੀਲ ਹੋ ਗਿਆ ਹੈ, ਜਿਨ੍ਹਾਂ ਦੇ ਬੱਚੇ ਗੁਆਚ ਗਏ ਹਨ। 


Related News