ਸਿਡਨੀ ''ਚ ਤਿੰਨ ਘੰਟਿਆਂ ਦੌਰਾਨ ਵਾਪਰੇ ਕਈ ਸੜਕ ਹਾਦਸੇ, ਸੰਕਟਕਾਲੀਨ ਸੇਵਾਵਾਂ ਨੂੰ ਪਈਆਂ ਭਾਜੜਾਂ (ਦੇਖੋ ਤਸਵੀਰਾਂ)

04/26/2017 11:12:39 AM

ਸਿਡਨੀ— ਮੰਗਲਵਾਰ ਨੂੰ ਸਿਡਨੀ ''ਚ ਤਿੰਨ ਘੰਟਿਆਂ ਦੌਰਾਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਨੇ ਸੰਕਟਕਾਲੀਨ ਸੇਵਾਵਾਂ ਦੇ ਮੈਂਬਰਾਂ ਨੂੰ ਭਾਜੜਾਂ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਸਵੇਰ ਵੇਲੇ ਵਾਪਰੇ ਇਨ੍ਹਾਂ ਹਾਦਸਿਆਂ ''ਚ ਕੁੱਲ ਮਿਲਾ ਕੇ 10 ਲੋਕ ਜ਼ਖ਼ਮੀ ਹੋਏ ਹਨ। ਸਭ ਤੋਂ ਪਹਿਲਾ ਹਾਦਸਾ ਸਵੇਰੇ 7 ਵਜੇ ਸਿਡਨੀ ਦੇ ਪੈਰਸਟਨ ਕਸਬੇ ਦੇ ਐੱਮ. 7 ਹਾਈਵੇਅ ''ਤੇ ਵਾਪਰਿਆ। ਇੱਥੇ ਦੋ ਟਰੱਕਾਂ ਅਤੇ ਦੋ ਦੂਜੇ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਇੱਕ ਵਿਅਕਤੀ ਇੱਕ ਘੰਟੇ ਤੱਕ ਵਾਹਨਾਂ ਦੇ ਮਲਬੇ ''ਚ ਫਸਿਆ ਰਿਹਾ ਅਤੇ ਸੰਕਟਕਾਲੀਨ ਸੇਵਾਵਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਫਿਲਹਾਲ ਜ਼ਖ਼ਮੀ ਨੂੰ ਹਸਪਤਾਲ ''ਚ ਦਾਖ਼ਲ ਕਰਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਲੱਤ ''ਤੇ ਗੰਭੀਰ ਸੱਟ ਲੱਗੀ ਹੈ। 
ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਦੂਜਾ ਹਾਦਸਾ ਫਰੈਂਚਸ ਫੋਰੈਸਟ ''ਚ ਵਾਪਰਿਆ। ਇੱਥੇ ਇੱਕ ਐੈਂਬੂਲੈਂਸ, ਕੂੜੇ ਵਾਲੇ ਟਰੱਕ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਦੋ ਔਰਤਾਂ ਐਂਬੂਲੈਂਸ ਦੇ ਅੰਦਰ ਫਸ ਗਈਆਂ, ਜਿਨ੍ਹਾਂ ਨੂੰ ਬਾਹਰ ਕੱਢਣ ਤੋਂ ਬਾਅਦ ਹਸਪਤਾਲ ''ਚ ਦਾਖ਼ਲ ਕਰਾਇਆ ਗਿਆ ਹੈ। ਉੱਥੇ ਹੀ ਹਾਦਸੇ ''ਚ ਕਾਰ ਚਾਲਕ ਅਤੇ ਟਰੱਕ ਚਾਲਕ ਦਾ ਡਾਕਟਰੀ ਟੀਮ ਵਲੋਂ ਘਟਨਾ ਵਾਲੀ ਥਾਂ ''ਤੇ ਹੀ ਇਲਾਜ ਕੀਤਾ ਗਿਆ। ਇਹ ਹਾਦਸੇ ਤੋਂ ਇੱਕ ਘੰਟੇ ਬਾਅਦ ਤੀਜਾ ਹਾਦਸਾ ਵਾਟਰਫਾਲ ਦੇ ਪ੍ਰਿੰਸ ਹਾਈਵੇਅ ''ਤੇ ਵਾਪਰਿਆ। ਪੁਲਸ ਨੇ ਦੱਸਿਆ ਕਿ ਹਾਈਵੇਅ ''ਤੇ ਕੁੱਲ ਪੰਜ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ, ਜਿਸ ਕਾਰਨ ਚਾਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਦਾ ਮੌਕੇ ''ਤੇ ਹੀ ਡਾਕਟਰੀ ਟੀਮ ਵਲੋਂ ਇਲਾਜ ਕੀਤਾ ਗਿਆ। 
ਚੋਥਾ ਹਾਦਸਾ ਸਵੇਰੇ ਮੰਗਲਵਾਰ ਸਵੇਰੇ 10 ਵਜੇ ਤੋਂ ਪਹਿਲਾਂ ਐੱਮ.7 ਅਤੇ ਐੱਮ.2 ਹਾਈਵੇਅਜ਼ ਦੇ ਚੌਰਾਹੇ ''ਤੇ ਵਾਪਿਰਆ। ਇੱਥੇ ਦੋ ਟਰੱਕਾਂ ਸਮੇਤ ਕਈ ਵਾਹਨਾਂ ਵਿਚਾਲੇ ਭਿਆਨਕ ਟੱਕਰ ਹੋਈ। ਟੱਕਰ ਤੋਂ ਬਾਅਦ ਦੋਹਾਂ ਟਰੱਕ ਚਾਲਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਦੋਹਾਂ ਨੂੰ ਵੈਸਟਮੀਡ ਹਸਪਤਾਲ ''ਚ ਦਾਖ਼ਲ ਕਰਾਇਆ ਗਿਆ ਹੈ।

Related News