ਵਿਲੈਤਰੀ ਵਿਖੇ ਸਤਿਗੁਰੂ ਰਾਵਿਦਾਸ ਮਹਾਰਾਜ ਜੀ ਦੀ ਯਾਦ ਵਿਚ ਕਰਾਇਆ ਗਿਆ ਕੌਮਾਂਤਰੀ ਧਾਰਮਿਕ ਸਮਾਗਮ

08/08/2017 4:17:22 PM

ਮਿਲਾਨ/ਇਟਲੀ (ਸਾਬੀ ਚੀਨੀਆ)— ਗੁਰੂ ਸਾਹਿਬਾਨਾਂ ਨੇ ਮਹਾਂਪੁਰਸ਼ਾਂ ਅਤੇ ਭਗਤਾਂ ਵੱਲੋਂ ਰਚੀ ਇਲਾਹੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਕੇ ਜਾਤ-ਪਾਤ ਅਤੇ ਊਚ-ਨੀਚ ਨੂੰ ਮਿਟਾਉਣ ਲਈ ਸਰਭ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਪਰ ਫਿਰ ਵੀ ਕੁਝ ਲੋਕ ਗੁਰਬਾਣੀ ਵਿਚ ਵੰਡ ਪਾਉਣ ਦੀਆਂ ਕੋਸ਼ਿਸ਼ਾਂ ਕਰ ਕੇ ਪਾਪਾਂ ਦੇ ਭਾਗੀਦਾਰ ਬਣ ਰਹੇ ਹਨ। ਜਿਨ੍ਹਾਂ ਦਾ ਮੂਲਮੰਤਵ ਇਨਸਾਨ ਨੂੰ ਗੁਰਬਾਣੀ ਨਾਲੋਂ ਤੋੜ ਕੇ ਕੁਰਾਹੇ ਪਾਉਣਾ ਅਤੇ ਲੋਕਾਂ ਵਿਚ ਪਰੇਸ਼ਾਨੀ ਪੈਦਾ ਕਰਨਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਸਤਿਗੁਰੂ ਰਾਵਿਦਾਸ ਮਹਾਰਾਜ ਦੀ ਯਾਦ ਵਿਚ ਕਰਵਾਏ ਕੌਮਾਂਤਰੀ ਸਮਾਗਮ ਵਿਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਵੱਲੋਂ ਕੀਤਾ ਗਿਆ। ਇਸ ਸਲਾਨਾ ਸੰਮੇਲਨ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਸਰਭ ਸਾਂਝੀ ਵਾਲਤਾ ਦੀ ਗੱਲ ਕਰਦਿਆਂ ਦੁਨੀਆਵੀ ਬੁਰਾਈਆਂ ਨੂੰ ਤਿਆਗ ਕਿ ਗੁਰੂ ਸਾਹਿਬ ਦੇ ਦਿਖਾਏ ਗਏ ਮਾਰਗ 'ਤੇ ਚੱਲਦਿਆ ਜੀਵਨ ਬਤੀਤ ਕਰਨ ਦੀ ਗੱਲ ਆਖੀ ਗਈ। ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਵਿਚਾਰਾਂ ਦੌਰਾਨ ਸਮੂਹ ਭਗਤਾਂ ਦੇ ਜੀਵਨ ਨਾਲ ਸਬੰਧਤ ਵਿਚਾਰਾਂ ਵੀ ਕੀਤੀਆਂ ਗਈਆਂ। 
ਸੇਵਾਦਾਰਾਂ ਨੇ ਕੜਕਦੀ ਧੁੱਪ ਵਿਚ ਗੁਰੂ ਕਾ ਲੰਗਰ ਵਿਚ ਸੇਵਾ ਕਰ ਕੇ ਆਪਣਾ ਜੀਵਨ ਸਫਲ ਬਣਾਇਆ। ਪ੍ਰਬੰਧਕ ਕਮੇਟੀ ਵੱਲੋਂ ਆਏ ਪ੍ਰਚਾਰਕਾਂ ਦਾ ਉਚੇਚੇ ਤੌਰ 'ਤੇ ਸਨਮਾਨ ਕਰਦਿਆ ਅੱਗੇ ਵਾਸਤੇ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਆਸ ਪ੍ਰਗਟਾਉਂਦਿਆਂ ਸਭਨਾ ਦਾ ਧੰਨਵਾਦ ਕੀਤਾ ਗਿਆ। ਹੈਡ ਗ੍ਰੰਥੀ ਗਿਆਨੀ ਸੁਰਿੰਦਰ ਸਿੰਘ ਵੱਲੋਂ ਸਮਾਪਤੀ ਅਰਦਾਸ ਕੀਤੀ ਗਈ ਅਤੇ ਹਰਦੀਪ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।


Related News