ਕੈਨੇਡਾ ਦੀ ਚਰਚ 'ਚ ਲੱਗੀ ਭਿਆਨਕ ਅੱਗ, ਹੈਰਾਨ ਕਰਦੇ ਤੱਥ ਆਏ ਸਾਹਮਣੇ

08/17/2017 3:45:15 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਬੁਰਲਿੰਗਟਨ ਚਰਚ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਇਸ ਇਤਿਹਾਸਕ ਚਰਚ ਦਾ ਬਹੁਤ ਨੁਕਸਾਨ ਹੋ ਗਿਆ ਹੈ। ਸਥਾਨਕ ਸਮੇਂ ਮੁਤਾਬਕ ਬੁੱਧਵਾਰ (ਤੜਕੇ) ਰਾਤ ਦੇ 1.18 ਵਜੇ ਅੱਗ ਲੱਗੀ ਅਤੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਚਰਚ ਦੀ ਛੱਤ 'ਤੇ ਫੈਲੀ ਇਹ ਅੱਗ ਦੂਰੋਂ ਹੀ ਦੇਖੀ ਜਾ ਸਕਦੀ ਹੈ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਪਰ ਧੂੰਏਂ ਦੇ ਗੁਬਾਰ ਦੂਰ ਤਕ ਦਿਖਾਈ ਦਿੰਦੇ ਰਹੇ। ਡਿਪਟੀ ਫਾਇਰ ਚੀਫ ਰੋਜ਼ ਮੋਨਟੀਥ ਨੇ ਦੱਸਿਆ ਕਿ ਪਹਿਲਾਂ ਅੱਗ ਇਸ ਦੇ ਬਾਹਰਲੇ ਪਾਸੇ ਲੱਗੀ ਅਤੇ ਹੌਲੀ-ਹੌਲੀ ਅੱਗ ਨੇ ਪੁਰਾਣੀ ਚਰਚ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ। ਅਸਲ 'ਚ ਚਰਚ ਦੀਆਂ ਦੋ ਇਮਾਰਤਾਂ ਹਨ ਅਤੇ ਕਈ ਸਾਲਾਂ ਤੋਂ ਇੱਥੇ ਪ੍ਰਾਰਥਨਾ ਸਭਾਵਾਂ ਲੱਗਦੀਆਂ ਹਨ। 

PunjabKesari
ਪਾਸਟਰ ਕਾਰਲ ਮੁਲਰ ਨੇ ਕਿਹਾ ਕਿ ਉਨ੍ਹਾਂ ਨੂੰ 1.30 ਵਜੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਦੂਜੀ ਚਰਚ ਨੂੰ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਉਹ ਇਸ ਚਰਚ 'ਚ ਸੇਵਾ ਕਰਦੇ ਆ ਰਹੇ ਹਨ, ਇਸ ਲਈ ਉਹ ਇਸ ਨਾਲ ਸਾਲਾਂ ਤੋਂ ਜੁੜੇ ਹੋਏ ਹਨ ਅਤੇ ਇਸ ਨੂੰ ਅੱਗ ਦੀਆਂ ਲਪਟਾਂ 'ਚ ਦੇਖ ਉਹ ਅੰਦਰ ਤਕ ਦੁਖੀ ਹਨ। ਇੱਥੇ ਅੱਗ ਕਿਵੇਂ ਲੱਗੀ ਅਜੇ ਕਾਰਨ ਸਪੱਸ਼ਟ ਨਹੀਂ ਹੈ ਪਰ ਚਰਚ ਦੀਆਂ ਕੰਧਾਂ 'ਤੇ ਪੇਂਟ ਨਾਲ 'ਆਈ. ਐੱਸ. ਆਈ. ਐੱਸ.' ਲਿਖਿਆ ਹੋਇਆ ਹੈ। 
ਮੁਲਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੀ ਸੱਚਮੁੱਚ ਇਸਲਾਮਕ ਸੰਗਠਨ ਨੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੰਮ ਸ਼ਰਾਰਤੀ ਅਨਸਰਾਂ ਦਾ ਹੈ, ਜਿਨ੍ਹਾਂ ਦੀ ਛੋਟੀ ਸੋਚ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੈ। ਅੱਗ ਕਾਰਨ ਕਿੰਨਾ ਨੁਕਸਾਨ ਹੋਇਆ, ਇਹ ਕਹਿਣਾ ਬਹੁਤ ਮੁਸ਼ਕਲ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।  


Related News