'2017 ਸਿਹਤ ਮੇਲੇ' 'ਚ ਮੁਫਤ ਸੇਵਾਵਾਂ ਭਾਈਚਾਰੇ ਲਈ ਵਰਦਾਨ ਸਾਬਤ ਹੋਈਆਂ : ਸਲੀਮ ਅਹਿਮਦ

12/11/2017 3:45:07 PM

ਮੈਰੀਲੈਂਡ, (ਰਾਜ ਗੋਗਨਾ)— ਬਾਲਟੀਮੋਰ ਕਾਉਂਟੀ ਮੁਸਲਿਮ ਕੌਂਸਲ ਵਲੋਂ ਇਸ ਸਾਲ ਦੇ ਸਲਾਨਾ ਸਿਹਤ ਮੇਲੇ ਦਾ ਆਯੋਜਨ ਇਸਲਾਮਿਕ ਸੁਸਾਇਟੀ ਬਾਲਟੀਮੋਰ ਦੀ ਮਸਜਿਦ ਵਿੱਚ ਕੀਤਾ ਗਿਆ। ਜਿੱਥੇ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਮੁਫਤ ਚੈਕਅਪ ਤੋਂ ਇਲਾਵਾ ਉਨ੍ਹਾਂ ਨੂੰ ਮੁਫਤ ਟੀਕਾਕਰਨ ਵੀ ਮੁਹੱਈਆ ਕੀਤਾ ਗਿਆ।ਇਨ੍ਹਾਂ ਵਿੱਚ ਖਾਸ ਤੌਰ 'ਤੇ ਅੱਖਾਂ, ਦੰਦਾਂ, ਦਰਦਾਂ, ਨੱਕ, ਕੰਨ ਤੇ ਦਿਲ ਦੀਆਂ ਬੀਮਾਰੀਆਂ ਸ਼ਾਮਲ ਸਨ। ਇੱਥੇ ਰਾਈਟ ਏਡ, ਹੈਲਥ ਬੀਮਾ, ਯੋਗਾ ਜਾਣਕਾਰੀ ਦੇ ਨਾਲ ਨਾਲ ਮੁਫਤ ਸਿਹਤ ਸਹੂਲਤਾਂ ਵੀ ਦਿੱਤੀਆਂ ਗਈਆਂ। ਇਸ ਕਰਕੇ ਮਰੀਜ਼ਾਂ ਦਾ ਤਾਂਤਾ ਭਰਵੇਂ ਤੌਰ 'ਤੇ ਲਗਾਤਾਰ ਬਾਅਦ ਦੁਪਹਿਰ ਤੱਕ ਵੀ ਰਿਹਾ। 

PunjabKesari
ਮੈਰੀਲੈਂਡ ਵਿੱਚ ਪਹਿਲੀ ਬਰਫਬਾਰੀ ਦਾ ਅਗਾਜ਼ ਹੋਇਆ ਫਿਰ ਵੀ ਲੋੜਵੰਦਾਂ ਨੇ ਸਿਹਤ ਸਹੂਲਤਾਂ ਦਾ ਲਾਹਾ ਲਿਆ। ਇੱਥੇ ਇਹ ਮੁਫਤ ਸਿਹਤ ਮੇਲਾ ਤੀਸਰੇ ਸਾਲ ਵਿੱਚ ਆਪਣੀ ਪੈੜ ਬਣਾ ਗਿਆ, ਉੱਥੇ ਸਲੀਮ ਅਹਿਮਦ ਪ੍ਰਧਾਨ ਮੁਸਲਿਮ ਕੌਂਸਲ ਅਤੇ ਉੱਪ ਪ੍ਰਧਾਨ ਨਾਸਰੀਨ ਰਹਿਮਨ ਵਲੋਂ ਸਾਰੇ ਪ੍ਰਬੰਧ ਆਪਣੀ ਦੇਖ ਰੇਖ ਵਿੱਚ ਕੀਤੇ ਜੋ ਕਾਬਲੇ ਤਾਰੀਫ ਸੀ। ਆਏ ਡਾਕਟਰਾਂ ਨੂੰ ਚਾਹ ਅਤੇ ਸਨੈਕਸ ਮੁਹੱਈਆ ਕਰਵਾਏ ਗਏ। ਉੱਥੇ ਸ਼ਾਮਲ ਸੰਸਥਾਵਾਂ ਅਤੇ ਡਾਕਟਰਾਂ ਦੀਆ ਸੇਵਾਵਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੇਲੇ ਦੀ ਖਾਸ ਗੱਲ ਇਹ ਸੀ ਕਿ ਮੁਸਲਿਮ ਸੰਸਥਾ ਦੇ ਮੁਖੀਆਂ ਨੇ ਸਾਜਿਦ ਤਰਾਰ ਸੀ ਈ ਓ ਸੈਂਟਰ ਫਾਰ ਸੋਸ਼ਲ ਚੇਂਜ ਅਤੇ ਡਾ. ਸੁਰਿੰਦਰ ਸਿੰਘ ਗਿੱਲ 'ਸਾਊਥ ਏਸ਼ੀਅਨ ਕਮਿਊਨਿਟੀ ਆਰਗੇਨਾਈਜੇਸ਼ਨ' ਦੀਆਂ ਕਮਿਊਨਿਟੀ ਪ੍ਰਤੀ ਸੇਵਾਵਾਂ ਸੰਬੰਧੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਹਾਂ ਸਖਸ਼ੀਅਤਾਂ ਨੇ ਇਸ ਕੈਂਪ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ਅਤੇ ਹਰੇਕ ਕੰਮ ਨੂੰ ਸਮੇਂ ਸਿਰ ਕਰਕੇ ਕਮਿਊਨਿਟੀ ਤੋਂ ਵਾਹ-ਵਾਹ ਖੱਟੀ ਹੈ।
ਮੈਰੀਲੈਂਡ ਗਵਰਨਰ ਵਲੋਂ ਪੰਜ ਅਜਿਹੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜੋ ਆਪਣੇ ਆਪਣੇ ਫੀਲਡ ਵਿੱਚ ਮੈਰੀਲੈਂਡ ਸਟੇਟ ਅਤੇ ਕਮਿਊਨਿਟੀ ਲਈ ਬਿਹਤਰ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਵਿੱਚ ਸਲੀਮ ਅਹਿਮਦ, ਅਨਵਰ ਇਕਬਾਲ ਡਾਨ, ਸਹਿਜਾਦਾ ਖੁਰਮ, ਨਸੀਮਮ ਰਹਿਮਾਨ ਅਤੇ ਅਬਾਸ ਅਖਤਰ ਸਨ।
ਸਥਾਨਕ ਕੌਂਸਲਮੈਨ ਵੱਲੋਂ ਵੀ ਕੁਝ ਸਖਸ਼ੀਅਤਾਂ ਦਾ ਸਿਟੀ ਕੌਂਸਲ ਵਲੋਂ ਮਾਣ ਸਨਮਾਨ ਕੀਤਾ ਪਰ ਪ੍ਰਬੰਧਕਾਂ ਵਲੋਂ ਕੁਲਵਿੰਦਰ ਸਿੰਘ ਫਲੋਰਾ ਨਾਰਥ ਅਮਰੀਕਾ ਮੀਡੀਆ ਡਾਇਰੈਕਟਰ, ਸੁਰਮੁਖ ਸਿੰਘ ਮਣਕੂ ਟੀ ਵੀ ਏਸ਼ੀਆ, ਰਮੇਸ਼ ਸਿੰਘ ਖਾਲਸਾ ਚੀਫ ਪੈਟਰਨ ਪਾਕਿਸਤਾਨ ਸਿੱਖ ਕੌਂਸਲ, ਪ੍ਰਵੇਜ਼ ਰਫੀਕ ਸਾਬਕਾ ਐੱਪ. ਪੀ. ਲਾਹੌਰ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।

ਇਸ ਕੈਂਪ ਵਿੱਚ ਕੋਈ ਪੰਜ ਸੌ ਤੋਂ ਉੱਪਰ ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਦੀਆਂ ਬਿਮਾਰੀਆ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਕੈਂਪ ਦਾ ਪ੍ਰਬੰਧ ਸਲਾਹੁਣਯੋਗ ਸੀ। ਨੌਜਵਾਨਾਂ ਅਤੇ ਮੁਟਿਆਰਾਂ ਦੀ ਟੀਮ ਨੇ ਹਰੇਕ ਕੰਮ ਨੂੰ ਬਹੁਤ ਸਲੀਕੇ ਨਾਲ ਕੀਤਾ ਜੋ ਤਾਰੀਫ ਦੇ ਮੁਥਾਜ ਸਨ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੁਫਤ ਹੈਲਥ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਕਮਿਊਨਿਟੀ ਵਿੱਚ ਰਹਿੰਦੀਆਂ ਗਰੀਬ ਸਖਸ਼ੀਅਤਾਂ ਨੂੰ ਸਿਹਤ ਸਹੂਲਤਾਂ ਦੇ ਕੇ ਨਿਵਾਜਿਆ ਜਾ ਸਕੇ। ਸਮੁੱਚੇ ਤੌਰ ਤੇ ਇਹ ਕੈਂਪ ਵੱਖਰੀਆਂ ਪੈੜਾਂ ਛੱਡ ਗਿਆ, ਜੋ ਕਾਬਲ ਏ ਤਾਰੀਫ ਸੀ। 


Related News