ਜਲਦੀ ਭਾਰ ਘੱਟ ਕਰਨ ਲਈ ਅਪਣਾਓ ਇਹ ਤਰੀਕੇ !

08/16/2017 11:19:07 AM

ਨਵੀਦਿੱਲੀ—ਅੱਜ ਦੁਨੀਆਂ ਭਰ ਦੇ ਲੋਕ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਆਮ ਤੌਰ 'ਤੇ ਮੋਟਾਪਾ ਸਿਰਫ਼ ਚੰਗੀ ਸਰੀਰਕ ਮਿਹਨਤ ਨਾਲ ਹੀ ਦੂਰ ਹੁੰਦਾ ਹੈ। ਕਈ ਲੋਕ ਜੋ ਚੰਗੀ ਕਸਰਤ ਦੇ ਨਾਲ-ਨਾਲ ਡਾਇਟਿੰਗ ਵੀ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਵਿਸ਼ੇਸ਼ ਡਾਈਟ ਪਲਾਨ ਦੀ ਜ਼ਰੂਰਤ ਹੁੰਦੀ ਹੈ, ਜੋ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦਾ ਅਤੇ ਨਾਲ ਹੀ ਇਸ ਨਾਲ ਅਸੀਂ ਕਈ ਹੋਰ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ।  ਆਪਣੇ ਡਾਕਟਰ ਦੀ ਸਲਾਹ ਨਾਲ ਮੋਟਾਪਾ ਘੱਟ ਕਰਨ ਲਈ ਹੇਠਾਂ ਦਿੱਤੇ ਗਏ ਡਾਈਟ ਚਾਰਟ ਦਾ ਪਾਲਣ ਕਰ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।
1. ਸਵੇਰ ਸਮੇਂ ਭੋਜਨ
ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ। 5.30 ਵਜੇ ਉੱਠੋ। 2-3 ਗਿਲਾਸ ਗਰਮ ਪਾਣੀ ਦੇ ਪੀਓ, ਜਿਸ ਨਾਲ ਤੁਹਾਡਾ ਪੇਟ ਸਾਫ਼ ਹੋਵੇਗਾ, ਫਿਰ 6 ਤੋਂ 7 ਵਜੇ ਤਕ ਕੁਝ ਕਸਰਤ ਕਰੋ ਜਿਵੇਂ ਯੋਗਾ, ਸਾਈਕਲ ਚਲਾਉਣਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਹੋਰ ਖੇਡ। 8 ਕੁ ਵਜੇ 1 ਗਿਲਾਸ ਤਾਜ਼ੇ ਅਤੇ ਕੁਝ ਕੁ ਕੋਸੇ ਪਾਣੀ ਵਿੱਚ 1 ਨਿੰਬੂ ਨਿਚੋੜ ਕੇ ਨਾਲ 1 ਚਮਚ ਸ਼ਹਿਦ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਨਿੰਬੂ ਤੇ ਸ਼ਹਿਦ ਵਾਲੇ ਪਾਣੀ ਨਾਲ 200 ਗ੍ਰਾਮ ਪਪੀਤਾ ਖਾਓ। ਜਿਹੜੇ ਲੋਕ ਇਸ ਤੋਂ ਸੰਤੁਸ਼ਟ ਨਾ ਹੋਣ, ਉਹ ਕੁਝ ਕੁ ਮਾਤਰਾ ਵਿੱਚ (ਇੱਕ ਕਟੋਰੀ) ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹਨ।
2. ਦੁਪਹਿਰ ਸਮੇਂ ਭੋਜਨ
ਇਹ ਖਾਣਾ 12 ਤੋਂ 1 ਵਜੇ ਦੇ ਵਿਚਕਾਰ ਖਾ ਲੈਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਆਟੇ ਨੂੰ ਛਾਨਣਾ ਨਹੀਂ ਚਾਹੀਦਾ, ਉਸ ਵਿਚਲਾ ਬੂਰਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਹੁਣ 2 ਰੋਟੀਆਂ, ਇੱਕ ਕਟੋਰੀ ਸਬਜ਼ੀ, ਇੱਕ ਕਟੋਰੀ ਦਾਲ (ਘੱਟ ਘਿਓ ਵਾਲੀ ਅਤੇ ਬਹੁਤਾ ਮਸਾਲਾ ਨਾ ਹੋਵੇ), ਕੁਝ ਕੁ ਸਲਾਦ ਅਤੇ ਘਰ ਦਾ ਬਣਿਆ ਤਾਜ਼ਾ ਸਬਜ਼ੀਆਂ ਦਾ ਸੂਪ। ਪਾਣੀ ਤੁਸੀਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਪੀ ਸਕਦੇ ਹੋ। ਦੁਪਹਿਰ ਦੇ ਖਾਣੇ ਨਾਲ ਵੀ ਕੁਝ ਕੁ ਪਪੀਤਾ ਖਾ ਸਕਦੇ ਹੋ।
3. ਸ਼ਾਮ ਸਮੇਂ
ਜਿਹੜੇ ਲੋਕ ਮੋਟਾਪੇ ਤੋਂ ਪੀੜਤ ਹਨ, ਉਹ 4 ਕੁ ਵਜੇ 1 ਗਿਲਾਸ ਤਾਜ਼ੇ ਪਾਣੀ ਵਿੱਚ 1 ਨਿੰਬੂ ਨਿਚੋੜ ਕੇ ਨਾਲ 1 ਚਮਚ ਸ਼ਹਿਦ ਮਿਲਾ ਕੇ ਪੀਣ। ਫਿਰ 30 ਕੁ ਮਿੰਟ ਬਾਅਦ 1 ਘੰਟੇ ਤਕ ਕਸਰਤ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਥੋੜ੍ਹਾ ਸਮਾਂ ਅਰਾਮ ਕਰੋ।
4. ਰਾਤ ਸਮੇਂ ਭੋਜਨ
7 ਤੋਂ 8 ਵਜੇ ਤਕ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ। ਇਸ ਖਾਣੇ ਵਿੱਚ ਭੋਜਨ ਤਾਂ ਦੁਪਹਿਰ ਵਾਂਗ ਹੀ ਹੋਵੇਗਾ ਪਰ ਰੋਟੀਆਂ ਦੀ ਥਾਂ ਤੇ 2 ਕੁ ਕਟੋਰੀ ਖਿਚੜੀ ਲਈ ਜਾਵੇਗੀ। ਪਾਣੀ ਉਸੇ ਤਰ੍ਹਾਂ ਹੀ ਅੱਧਾ ਘੰਟਾ ਪਹਿਲਾ ਜਾਂ ਬਾਅਦ ਵਿੱਚ ਪੀ ਸਕਦੇ ਹੋ। ਉਸ ਤੋਂ ਬਾਅਦ ਕੁਝ ਮਿੱਠਾ ਖਾ ਸਕਦੇ ਹਾਂ, ਇਸ ਵਿੱਚ 1 ਚਮਚ ਸ਼ੱਕਰ ਦਾ ਲਿਆ ਜਾ ਸਕਦਾ ਹੈ। ਘੱਟ ਮੋਟਾਪੇ ਵਾਲੇ ਲੋਕ ਰਾਤ ਨੂੰ ਸੌਣ ਵੇਲੇ 1 ਗਿਲਾਸ ਦੁੱਧ ਪੀ ਸਕਦੇ ਹਨ। ਉਸ ਤੋਂ ਬਾਅਦ ਕੁਝ ਸਮਾਂ ਸੈਰ ਕਰ ਕੇ 10 ਤੋਂ 10.30 ਤਕ ਸੌ ਜਾਣਾ ਚਾਹੀਦਾ ਹੈ।
5. ਭੁੱਖ ਲੱਗਣ 'ਤੇ
ਦਿਨ ਵੇਲੇ ਜਿਸ ਸਮੇਂ ਵੀ ਭੁੱਖ ਮਹਿਸੂਸ ਹੋਵੇ ਤਾਂ ਉਸ ਵੇਲੇ ਕੁਝ ਕ ਫ਼ਲ ਖਾਧੇ ਜਾ ਸਕਦੇ ਹਨ। ਕੇਲੇ ਦੀ ਵਰਤੋਂ ਨਾ ਕੀਤੀ ਜਾਵੇ। ਸੇਬ, ਸੰਤਰਾ, ਅਨਾਨਾਸ, ਪਪੀਤਾ, ਅਨਾਰ, ਮੋਸਮੀ, ਕੀਵੀ ਜਾਂ ਤਰਬੂਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਿਨ ਵੇਲੇ ਗਾਜਰ ਦਾ ਜੂਸ ਵੀ ਲਿਆ ਜਾ ਸਕਦਾ ਹੈ।


Related News