ਬੀਮਾਰੀਆਂ ਤੋਂ ਦੂਰ ਰੱਖਣ ਲਈ ਦੰਦਾਂ ਦੀ ਸੰਭਾਲ ਬਹੁਤ ਜ਼ਰੂਰੀ

08/16/2017 9:46:47 AM

ਨਵੀਂ ਦਿੱਲੀ—ਦੰਦਾਂ ਵਿੱਚ ਖੱਡਾਂ ਪੈਣੀਆਂ, ਉਨ੍ਹਾਂ ਦਾ ਭੁਰਨਾ ਅਤੇ ਮਸੂੜਿਆਂ ਦੇ ਕਈ ਰੋਗ ਲੋਕ 'ਚ ਆਮ ਦੇਖਣ  ਨੂੰ ਮਿਲਦੀ ਹੈ।  ਫਿਰ ਅਜਿਹਾ ਕੀ ਕੀਤਾ ਜਾਵੇ ਕਿ ਦੰਦ ਹਮੇਸ਼ਾਂ ਮਜ਼ਬੂਤ ਰਹਿਣ? ਦੰਦਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਨਰਮ ਖ਼ੁਰਾਕ ਖਾਣ ਜਿਸ ਨਾਲ ਮਸੂੜਿਆਂ ਦੀ ਵਰਜਿਸ਼ ਨਾ ਹੋਵੇ ਅਤੇ ਲੋੜੀਂਦੇ ਵਿਟਾਮਿਨਾਂ ਦੀ ਘਾਟ ਕਾਰਨ ਦੰਦਾਂ ਤੇ ਮਸੂੜਿਆਂ ਦੇ ਕਈ ਰੋਗ ਹੋ ਜਾਂਦੇ ਹਨ। ਮਿੱਠੀਆਂ ਚੀਜ਼ਾਂ ਖ਼ਾਸ ਕਰਕੇ ਪੇਸਟਰੀ, ਚਿੰਗਮ, ਟੌਫ਼ੀਆਂ ਵੀ ਦੰਦਾਂ ਵਿੱਚ ਖੱਡਾਂ ਪੈਣ ਦਾ ਕਾਰਨ ਬਣਦੇ ਹਨ। ਮਿੱਠਾ ਦੰਦਾਂ ਵਿੱਚ ਚਾਰ ਘੰਟੇ ਰਹਿ ਜਾਵੇ ਤਾਂ ਇਹ ਸਾਡੇ ਥੁੱਕ ਨਾਲ ਮਿਲ ਕੇ 'ਐਸਿਫਿਕ ਐਸਿਡ' ਬਣਾ ਦਿੰਦਾ ਹੈ, ਜਿਸ ਕਾਰਨ ਦੰਦਾਂ ਵਿੱਚ ਖੱਡਾਂ ਜਾਂ ਹੋਰ ਕਈ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਹਨ। ਡਾਕਟਰ ਇਸ ਗੱਲ ਨਾਲ ਸਹਿਮਤ ਹਨ ਕਿ ਦੰਦ ਖ਼ਰਾਬ ਹੋਣ ਦਾ ਕਾਰਨ ਘਟੀਆ ਕਿਸਮ ਦੀ ਖ਼ੁਰਾਕ, ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਦਾ ਘੱਟ ਹੋਣਾ ਹੈ।
ਦੰਦਾਂ ਦੀ ਸੰਭਾਲ
– ਦੰਦਾਂ ਨੂੰ ਠੀਕ ਰੱਖਣ ਲਈ ਇਹ ਜ਼ਰੂਰੀ ਹੈ ਕਿ ਗਰਭ ਸਮੇਂ ਮਾਂ ਨੂੰ ਕੈਲਸ਼ੀਅਮ, ਫਾਸਫੋਰਸ ਵਿਟਾਮਿਨ- ਸੀ ਤੇ ਡੀ ਲੋੜੀਂਦੀ ਮਾਤਰਾ ਵਿੱਚ ਦਿੱਤੇ ਜਾਣ। ਇਸ ਨਾਲ ਗਰਭ ਵਿਚਲੇ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੇ ਮਜ਼ਬੂਤ ਦੰਦਾਂ ਦਾ ਦਾਅਵਾ ਕੀਤਾ ਜਾ ਸਕਦਾ ਹੈ।
– ਕੈਲਸ਼ੀਅਮ ਅਤੇ ਫਾਸਫੋਰਸ ਲਈ ਦੁੱਧ, ਦਹੀਂ ਅਤੇ ਪਨੀਰ ਵਿਸ਼ੇਸ਼ ਖ਼ੁਰਾਕ ਹਨ।
– ਦੰਦ ਦੀ ਉਪਰਲੀ ਤਹਿ ਅਨੇਮਲ ਸਹੀ ਰੱਖਣ ਲਈ ਵਿਟਾਮਿਨ-ਸੀ ਲਈ ਟਮਾਟਰ, ਤਾਜ਼ਾ ਸਬਜ਼ੀਆਂ, ਹਰੀਆਂ ਮਿਰਚਾਂ, ਤਾਜ਼ਾ ਫ਼ਲ ਖ਼ਾਸ ਕਰਕੇ ਖਟਾਸ ਵਾਲੇ ਤਾਜ਼ਾ ਫ਼ਲਾਂ ਦਾ ਰਸ ਲੈਣ ਨਾਲ ਕੇਵਲ ਦੰਦਾਂ 'ਤੇ ਹੀ ਚੰਗਾ ਅਸਰ ਨਹੀਂ ਕਰਦਾ ਸਗੋਂ ਮਸੂੜੇ ਵੀ ਤੰਦਰੁਸਤ ਬਣਦੇ ਹਨ।
– ਵਿਟਾਮਿਨ- ਡੀ, ਜੋ ਕੈਲਸ਼ੀਅਮ ਦੇ ਹਜ਼ਮ ਹੋਣ ਵਿੱਚ ਸਹਾਇਤਾ ਕਰਦਾ ਹੈ, ਦੰਦਾਂ ਲਈ ਖ਼ਾਸ ਤੌਰ 'ਤੇ ਲੋੜੀਂਦਾ ਹੈ। ਇਹ ਧੁੱਪ ਤੋਂ ਇਲਾਵਾ ਮੱਛੀ ਦੇ ਤੇਲ ਤੋਂ ਵੀ ਮਿਲਦਾ ਹੈ।
– ਮਿੱਠੀ ਚੀਜ਼ ਖਾਣ ਮਗਰੋਂ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
– ਰਾਤ ਨੂੰ ਦੁੱਧ ਪੀਣ ਮਗਰੋਂ ਕੁਰਲੀ ਕਰਨੀ ਵੀ ਜ਼ਰੂਰੀ ਹੈ।
ਦੰਦਾਂ ਸਬੰਧੀ ਸਮੱਸਿਆਵਾਂ
– ਮਾਸਖੋਰੇ ਦੀ ਸਮੱਸਿਆ
ਡਾਕਟਰਾਂ ਦੀ ਰਾਇ ਹੈ ਕਿ ਮਾਸਖੋਰੇ ਦੀ ਵਧੀ ਹੋਈ ਹਾਲਤ ਵਿੱਚ ਦੰਦ ਫੌਰਨ ਕਢਵਾ ਦੇਣੇ ਚਾਹੀਦੇ ਹਨ। ਇਸ ਦੇ ਦੋ ਫ਼ਾਇਦੇ ਹਨ; ਪਹਿਲਾ, ਮਸੂੜਿਆਂ ਵਿੱਚੋਂ ਨਿਕਲ ਰਿਹਾ ਜ਼ਹਿਰੀਲਾ ਮਾਦਾ ਰੋਜ਼ ਖ਼ੁਰਾਕ ਨਾਲ ਨਹੀਂ ਮਿਲਦਾ ਤੇ ਦੂਜਾ, ਠੀਕ ਸਮੇਂ ਦੰਦ ਕਢਵਾਉਣ ਨਾਲ ਦੰਦਾਂ ਦੇ ਖਾਨੇ ਮਜ਼ਬੂਤ ਰਹਿ ਜਾਂਦੇ ਹਨ, ਜਿਸ ਨਾਲ ਮਸਨੂਈ ਦੰਦ ਲਗਾਉਣ ਵਿੱਚ ਸੌਖ ਹੋ ਜਾਂਦੀ ਹੈ। ਜਿੱਥੋਂ ਤਕ ਹੋ ਸਕੇ ਦੰਦਾਂ ਨੂੰ ਕਢਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਆਪਣੇ ਦੰਦਾਂ ਵਰਗੀ ਰੀਸ ਨਹੀਂ ਹੈ।
– ਠੰਢਾ-ਤੱਤਾ ਲੱਗਣਾ
ਦੰਦਾਂ ਨੂੰ ਠੰਢਾ-ਤੱਤਾ ਲੱਗਣਾ ਵੀ ਦੁਖਦਾਈ ਹੈ। ਕਈ ਵਾਰ ਤਾਂ ਇਹ ਰੋਗ ਅਸੀਂ ਆਪ ਸਹੇੜਦੇ ਹਾਂ। ਦੰਦਾਂ ਨਾਲ ਬਦਾਮ ਭੰਨਣ, ਅਖਰੋਟ ਤੋੜਨ ਜਾਂ ਦੰਦ ਕਰੀਚਣ, ਬੋਤਲਾਂ ਦੇ ਢੱਕਣ ਖੋਲ੍ਹਣ ਜਾਂ ਪਿੰਨ ਚੁਭੋਣ ਨਾਲ ਵੀ ਇਹ ਖ਼ਰਾਬ ਹੋ ਜਾਂਦੇ ਹਨ। ਦੰਦਾਂ ਨਾਲ ਅਜਿਹਾ ਕੂਝ ਵੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
– ਟੇਢੇ-ਮੇਢੇ ਦੰਦ
ਜੇ ਦੰਦ ਟੇਢੇ ਹੋ ਜਾਣ ਜਾਂ ਪਾਸਿਆਂ ਤੋਂ ਵਾਧੂ ਦੰਦ ਆ ਜਾਣ ਤਾਂ ਇਹ ਮੂੰਹ ਦੀ ਸੁੰਦਰਤਾ ਨੂੰ ਖ਼ਰਾਬ ਕਰ ਦਿੰਦੇ ਹਨ। ਡਾਕਟਰ ਇਨ੍ਹਾਂ ਨੂੰ ਕਈ ਹਾਲਤਾਂ ਵਿੱਚ ਤਾਂ ਕੱਢ ਹੀ ਦਿੰਦੇ ਹਨ ਅਤੇ ਕਈ ਵਾਰ ਇਨ੍ਹਾਂ ਨੂੰ ਜ਼ਰੂਰੀ ਪਾਸਿਆਂ ਤੋਂ ਭਾਰ ਦੇ ਕੇ ਸਿੱਧਾ ਕਰਨ ਦਾ ਯਤਨ ਕਰਦੇ ਹਨ ਪਰ ਇਸ ਤਰ੍ਹਾਂ ਕਰਨ ਲਈ ਇੱਕ-ਦੋ ਸਾਲ ਲੱਗ ਜਾਂਦੇ ਹਨ।


Related News