ਮੋਦੀ ਨੇ ਆਮ ਜਨਤਾ ਨੂੰ ਦਿੱਤਾ ਤੋਹਫਾ, ਹੁਣ ਭਰੋ ਸਸਤੀ ''ਉਡਾਣ''

04/27/2017 2:48:15 PM

ਨਵੀਂ ਦਿੱਲੀ— ਆਮ ਆਦਮੀ ਲਈ ਸਸਤੇ ਹਵਾਈ ਸਫਰ ਵਾਲੀ ''ਉਡਾਣ'' ਸਕੀਮ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਦੇਸ਼ ''ਚ ਵੱਖ-ਵੱਖ ਸ਼ਹਿਰਾਂ ਨੂੰ ਹਵਾਈ ਸੰਪਰਕ ਨਾਲ ਜੋੜਨ ਵਾਲੀ ਇਸ ਸਕੀਮ ਤਹਿਤ ਪਹਿਲੀ ਉਡਾਣ ਅੱਜ ਸ਼ਿਮਲਾ ਤੋਂ ਦਿੱਲੀ ਵਿਚਕਾਰ ਸ਼ੁਰੂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹਰੀ ਝੰਡੀ ਦਿਖਾਈ। ਇਸ ਸਕੀਮ ਤਹਿਤ ਇਕ ਘੰਟੇ ਦੀ ਦੂਰੀ ਵਾਲੇ ਸਫਰ ਦਾ ਕਿਰਾਇਆ 2500 ਰੁਪਏ ਹੋਵੇਗਾ। ਇਸੇ ਤਰ੍ਹਾਂ ਕਡੱਪਾ-ਹੈਦਰਾਬਾਦ ਅਤੇ ਨੰਦੇੜ-ਹੈਦਰਾਬਾਦ ਸੈਕਟਰ ਵਿਚਕਾਰ ਖੇਤਰੀ ਉਡਾਣਾਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ। 

ਉਡਾਣ ਨਾਲ ਟੂਰਿਜ਼ਮ ਨੂੰ ਮਿਲੇਗੀ ਰਫਤਾਰ

''ਉਡਾਣ'' ਸੇਵਾ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਹਵਾਈ ਚੱਪਲ ਪਾਉਣ ਵਾਲੇ ਵੀ ਜਹਾਜ਼ ''ਚ ਬੈਠਣ, ਇਹ ਸੱਚ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਸ਼ਿਮਲਾ ''ਚ ਬਹੁਤ ਸਾਲਾਂ ਤੋਂ ਹਵਾਈ ਸੇਵਾਵਾਂ ਰੁਕੀਆਂ ਰਹੀਆਂ ਪਰ ਹੁਣ ਉਡਾਣ ਸਕੀਮ ਨਾਲ ਹਿਮਾਚਲ ਦੇ ਟੂਰਿਜ਼ਮ ਨੂੰ ਰਫਤਾਰ ਮਿਲੇਗੀ। ਜਹਾਜ਼ ਦਾ ਸਫਰ ਟੈਕਸੀ ਤੋਂ ਵੀ ਸਸਤਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੰਦੇੜ, ਪਟਨਾ ਸਾਹਿਬ ਅਤੇ ਅੰਮ੍ਰਿਤਸਰ ਵਿਚਕਾਰ ਹਵਾਈ ਮਾਰਗ ਬਣੇ ਤਾਂ ਬਹੁਤ ਵਧੀਆ ਹੋਵੇਗਾ, ਇਨ੍ਹਾਂ ਸਥਾਨਾਂ ''ਤੇ ਹਵਾਈ ਯਾਤਰਾ ਸ਼ੁਰੂ ਹੋਣ ਨਾਲ ਸਿੱਖਾਂ ਨੂੰ ਫਾਇਦਾ ਹੋਵੇਗਾ।

ਇਸ ਸਕੀਮ ਤਹਿਤ ਜਲਦ ਹੀ ਪੰਜਾਬ ਦੇ ਆਦਮਪੁਰ, ਪਠਾਨਕੋਟ ਅਤੇ ਲੁਧਿਆਣਾ ''ਚ ਵੀ ਸਸਤੀ ਹਵਾਈ ਯਾਤਰਾ ਸ਼ੁਰੂ ਹੋ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਉਡਾਣਾਂ ਅਕਤੂਬਰ ਤਕ ਸ਼ੁਰੂ ਹੋ ਸਕਦੀਆਂ ਹਨ। 

ਕੀ ਹੈ ਉਡਾਣ ਸਕੀਮ?

ਉਡਾਣ ਯਾਨੀ ''ਉੱਡੇ ਦੇਸ਼ ਦਾ ਹਰ ਨਾਗਰਿਕ'' ਇਸ ਸਕੀਮ ਨੂੰ ਪਿਛਲੇ ਸਾਲ ਅਕਤੂਬਰ ''ਚ ਸਰਕਾਰ ਨੇ ਲਾਂਚ ਕੀਤਾ ਸੀ। ਇਸ ਤਹਿਤ 500 ਕਿਲੋਮੀਟਰ ਤੋਂ ਘੱਟ ਦੇ ਹਵਾਈ ਸਫਰ ''ਤੇ 2500 ਰੁਪਏ ਦਾ ਕਿਰਾਇਆ ਲਿਆ ਜਾਵੇਗਾ। ਇਹ ਸਕੀਮ ਸ਼ੁਰੂ ਹੋਣ ਨਾਲ ਦੇਸ਼ ਦੇ ਛੋਟੇ ਅਤੇ ਘੱਟ ਦੂਰੀ ਵਾਲੇ ਸ਼ਹਿਰਾਂ ਵਿਚਾਕਰ ਹਵਾਈ ਸੰਪਰਕ ਵਧੇਗਾ ਅਤੇ ਦੇਸ਼ ਦਾ ਆਮ ਨਾਗਰਿਕ ਵੀ ਹਵਾਈ ਸਫਰ ਦਾ ਮਜ਼ਾ ਲੈ ਸਕੇਗਾ। ਉਡਾਣ ਸਕੀਮ ਤਹਿਤ ਉਨ੍ਹਾਂ ਸ਼ਹਿਰਾਂ ਵਿਚਕਾਰ ਉਡਾਣਾਂ ਚਲਾਈਆਂ ਜਾਣਗੀਆਂ, ਜਿੱਥੇ ਜਾਂ ਤਾਂ ਉਡਾਣਾਂ ਦਾ ਆਉਣਾ-ਜਾਣਾ ਨਹੀਂ ਹੈ ਜਾਂ ਬਹੁਤ ਘੱਟ ਹੈ। ਇਸ ਨਾਲ ਘਰੇਲੂ ਹਵਾਬਾਜ਼ੀ ਸੈਕਟਰ ਨੂੰ ਵਾਧਾ ਮਿਲੇਗਾ।


Related News