ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਨ ਦੀ ਬਜਾਏ ਪੂਰਾ ਸਾਲ ਉਡੀਕ ਕੀਤੀ ਜਾਵੇ : ਸਾਧੂ ਸਿੰਘ ਧਰਮਸੌਤ

Monday, June 19, 2017 3:31 PM
ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਨ ਦੀ ਬਜਾਏ ਪੂਰਾ ਸਾਲ ਉਡੀਕ ਕੀਤੀ ਜਾਵੇ : ਸਾਧੂ ਸਿੰਘ ਧਰਮਸੌਤ

ਨਵਾਂਸ਼ਹਿਰ/ਬੰਗਾ/ਮੁਕੰਦਪੁਰ (ਤ੍ਰਿਪਾਠੀ, ਮਨੋਰੰਜਨ/ਸੰਜੀਵ, ਚਮਨ, ਰਕੇਸ਼)— ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਤੇ ਐੱਸ.ਸੀ. ਤੇ ਬੀ.ਸੀ. ਦੀ ਭਲਾਈ ਬਾਰੇ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੌਤ ਨੇ ਆਖਿਆ ਕਿ ਵਿਰੋਧੀ ਧਿਰਾਂ ਕਾਂਗਰਸ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਨੁਕਤਾਚੀਨੀ ਕਰਨ ਦੀ ਬਜਾਏ ਇਕ ਸਾਲ ਦੇ ਕਾਰਜਕਾਲ ਦੇ ਨਤੀਜੇ ਉਡੀਕਣ।
ਅੱਜ ਪਿੰਡ ਗੁਣਾਚੌਰ ਦੇ ਡੇਰਾ ਬਾਬਾ ਹਾਥੀ ਰਾਮ ਵਿਖੇ 39ਵੇਂ ਸਾਲਾਨਾ ਜੋੜ ਮੇਲੇ ਦੌਰਾਨ ਨਤਮਸਤਕ ਹੋਣ ਆਏ ਕੈਬਨਿਟ ਮੰਤਰੀ ਸ. ਧਰਮਸੌਤ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਤੇ ਕਿਸਾਨਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਦੇ ਸਾਰਥਕ ਨਤੀਜੇ ਚਾਲੂ ਬਜਟ ਸੈਸ਼ਨ ਤੋਂ ਹੀ ਸਾਹਮਣੇ ਆਉਣ ਲੱਗਣਗੇ। ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਨੂੰ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਰਕਾਰ ਦੀ ਆਲੋਚਨਾ ਵਾਲਾ ਵਤੀਰਾ ਨਾ ਅਪਣਾ ਕੇ ਸਹਿਯੋਗੀ ਵਤੀਰਾ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਜੰਗਲਾਤ ਵਿਭਾਗ ਸੂਬੇ ਵਿਚ ਵਣ ਛੱਤਰੀ ਨੂੰ ਵਧਾਉਣ ਲਈ ਪੰਚਾਇਤੀ ਸ਼ਾਮਲਾਟ ਜ਼ਮੀਨਾਂ 'ਤੇ ਪੌਦੇ ਲਾਵੇਗਾ, ਜਿਸ ਨਾਲ ਜਿਥੇ ਪੰਚਾਇਤਾਂ ਦੀ ਆਮਦਨੀ ਵਧੇਗੀ, ਉਥੇ ਹੀ ਇਨ੍ਹਾਂ ਰੁੱਖਾਂ ਦੀ ਸਾਂਭ-ਸੰਭਾਲ ਨਾਲ ਹਰੀ ਛੱਤਰੀ 'ਚ ਵੀ ਵਾਧਾ ਹੋਵੇਗਾ। ਵਿਕਾਸ ਕਾਰਨ ਸੜਕਾਂ ਕੰਢੇ ਖੜ੍ਹੇ ਰੁੱਖਾਂ ਦੀ ਕਟਾਈ ਕਰਨੀ ਪੈ ਰਹੀ ਹੈ ਪਰ ਵਿਭਾਗ ਇਸ ਦੇ ਬਦਲ ਵਜੋਂ ਮੁੱਖ ਸੜਕਾਂ ਦੇ ਆਲੇ-ਦੁਆਲੇ ਜੰਗਲਾਤ ਛੱਤਰੀ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ 'ਤੇ ਵਿਚਾਰ ਕਰ ਰਿਹਾ ਹੈ। ਐੱਸ. ਸੀ. ਤੇ ਬੀ. ਸੀ. ਵਿਦਿਆਰਥੀਆਂ ਦੀਆਂ ਫੀਸਾਂ ਤੇ ਵਜ਼ੀਫ਼ਾ ਸਕੀਮਾਂ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਸ. ਧਰਮਸੌਤ ਨੇ ਆਖਿਆ ਕਿ ਉਨ੍ਹਾਂ ਵੱਲੋਂ ਖੁਦ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਬਕਾਇਆ ਖੜ੍ਹੀ ਵਜ਼ੀਫ਼ਾ ਰਾਸ਼ੀ ਤੇ ਫ਼ੀਸ ਜਾਰੀ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਇਸ ਸਹੂਲਤ ਨੂੰ ਸਹੀ ਅਰਥਾਂ 'ਚ ਲਾਗੂ ਕਰਵਾਉਣ ਲਈ ਵਚਨਬੱਧ ਹਨ। ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਸਦਨ 'ਚੋਂ ਮੋਬਾਇਲ 'ਤੇ ਵੀਡੀਓ ਬਣਾ ਕੇ ਲਾਈਵ ਕਰਨ ਦੇ ਮਾਮਲੇ 'ਤੇ ਉਨ੍ਹਾਂ ਆਖਿਆ ਕਿ ਇਸ ਸਬੰਧ 'ਚ ਸਾਨੂੰ ਸਾਰਿਆਂ ਨੂੰ ਸਦਨ ਦੀ ਉੱਚੀ-ਸੁੱਚੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ। ਸ. ਧਰਮਸੌਤ ਨੇ ਡੇਰਾ ਬਾਬਾ ਹਾਥੀ ਰਾਮ ਵਿਖੇ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਕੰਨਿਆਦਾਨ ਕਰ ਕੇ ਦੋ ਜੋੜਿਆਂ ਦੇ ਵਿਆਹ ਕਰਵਾਉਣ ਦੇ ਸ਼ੁੱਭ ਮੌਕੇ 'ਤੇ ਆਸ਼ੀਰਵਾਦ ਵੀ ਦਿੱਤਾ। ਉਨ੍ਹਾਂ ਆਪਣੇ ਅਖਤਿਆਰੀ ਕੋਟੇ 'ਚੋਂ ਡੇਰੇ ਵਿਖੇ ਦੀਵਾਨ ਹਾਲ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਕੈਂਥ, ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਜ਼ਿਲਾ ਕਾਂਗਰਸ ਪ੍ਰਧਾਨ ਸਤਬੀਰ ਸਿੰਘ ਪੱਲੀਝਿੱਕੀ, ਬਲਾਕ ਕਾਂਗਰਸ ਪ੍ਰਧਾਨ ਬੰਗਾ ਰਘਬੀਰ ਬਿੱਲਾ ਤੇ ਪ੍ਰਧਾਨ ਔੜ ਜੁਝਾਰ ਸਿੰਘ ਤੋਂ ਇਲਾਵਾ ਐੱਸ. ਡੀ. ਐੱਮ. ਬੰਗਾ ਹਰਚਰਨ ਸਿੰਘ, ਐੱਸ. ਪੀ. (ਐੱਚ.) ਜਸਬੀਰ ਸਿੰਘ ਰਾਏ, ਮੰਡਲ ਵਣ ਅਫ਼ਸਰ ਵਿਸ਼ਾਲ ਚੌਹਾਨ, ਨਾਇਬ ਤਹਿਸੀਲਦਾਰ ਬੰਗਾ ਪਰਗਣ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਡੇਰਾ ਬਾਬਾ ਹਾਥੀ ਰਾਮ ਮੌਜੂਦ ਸਨ। ਇਸ ਮੌਕੇ ਕਮੇਟੀ ਵੱਲੋਂ ਕੈਬਨਿਟ ਮੰਤਰੀ ਸ. ਧਰਮਸੌਤ, ਵਿਧਾਇਕ ਚੌ. ਦਰਸ਼ਨ ਲਾਲ ਤੇ ਸਾਬਕਾ ਲੋਕ ਸਭਾ ਮੈਂਬਰ ਸਤਨਾਮ ਸਿੰਘ ਕੈਂਥ ਦਾ ਸਨਮਾਨ ਵੀ ਕੀਤਾ ਗਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!