ਆਪਣੇ ਕੇਸਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ : ਖਹਿਰਾ

08/18/2017 7:27:26 AM

ਜਲੰਧਰ, (ਬੁਲੰਦ)- ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਵਾਰ ਫਿਰ ਤੋਂ ਪੰਜਾਬ ਦੇ ਨਾਲ ਲੱਗਣ ਵਾਲੇ ਪਹਾੜੀ ਸੂਬਿਆਂ ਨੂੰ ਟੈਕਸਾਂ ਵਿਚ ਭਾਰੀ ਛੂਟ ਦੇ ਕੇ ਪੰਜਾਬ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਰਸਾਨੀ ਬਦਹਾਲੀ ਦਾ ਸ਼ਿਕਾਰ ਹੈ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਾਂਗਰਸ ਦੇ ਰਾਜ ਵਿਚ ਹੋਰ ਵਧੀਆਂ ਹਨ ਤੇ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਲਈ ਕੋਈ ਯੋਜਨਾ ਲਾਗੂ ਨਹੀਂ ਕੀਤੀ। ਪਹਾੜੀ ਸੂਬਿਆਂ ਨੂੰ 1999 ਤੋਂ ਵਿਸ਼ੇਸ਼ ਟੈਕਸ ਫ੍ਰੀ ਜ਼ੋਨ ਵਿਚ ਰੱਖਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸਾਰੀ ਇੰਡਸਟਰੀ ਇਥੋਂ ਪਹਾੜੀ ਸੂਬਿਆਂ ਵਿਚ ਸ਼ਿਫਟ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਪਿਛਲੇ 10 ਸਾਲਾਂ ਤੋਂ 30 ਹਜ਼ਾਰ ਇੰਡਸਟਰੀਆਂ ਹਿਜਰਤ ਕਰ ਚੁੱਕੀਆਂ ਹਨ। 
ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਂ ਤਾਂ ਪੰਜਾਬ ਨੂੰ ਵੀ ਵਿਸ਼ੇਸ਼ ਇੰਡਸਟਰੀਅਲ ਪੈਕੇਜ ਦੇ ਅਧੀਨ ਲਿਆਵੇ ਜਾਂ ਫਿਰ ਤੁਰੰਤ ਪਹਾੜੀ ਸੂਬਿਆਂ ਨੂੰ ਦਿੱਤਾ ਜਾਣ ਵਾਲਾ ਵਿਸ਼ੇਸ਼ ਪੈਕੇਜ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਲਈ ਰਵਾਇਤੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਪੰਜਾਬ ਵਿਚ ਅਕਾਲੀ ਦਲ ਤੇ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੀ ਇੰਡਸਟਰੀ ਤੇ ਕਿਰਸਾਨੀ ਬਰਬਾਦ ਹੋਈ ਹੈ। ਪਹਿਲਾਂ ਕਿਸਾਨ ਆਤਮ-ਹੱਤਿਆਵਾਂ ਕਰਦੇ ਆਏ ਹਨ ਤੇ ਹੁਣ ਤਾਂ ਵਪਾਰੀ ਵੀ ਇਸੇ ਰਾਹ 'ਤੇ ਚੱਲਣ ਲਈ ਮਜਬੂਰ ਹਨ। 
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਭਾਜਪਾ ਦੀ ਮੋਦੀ ਸਰਕਾਰ ਦੇ ਹੱਥਾਂ ਵਿਚ ਖੇਡ ਰਹੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਆਪਣੇ ਖਿਲਾਫ ਈ. ਡੀ. ਤੇ ਹੋਰ ਕਈ ਮਾਮਲਿਆਂ ਦੀ ਚਲ ਰਹੀ ਜਾਂਚ ਤੇ ਕਾਰਵਾਈ ਤੋਂ ਬਚਣ ਲਈ ਭਾਜਪਾ ਦੇ ਅੱਗੇ ਸਰੰਡਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਹਰ ਦੂਜੇ ਮਹੀਨੇ ਮੋਦੀ ਨੂੰ ਗੁਲਦਸਤਾ ਦੇਣ ਪਹੁੰਚ ਜਾਂਦੇ ਹਨ ਪਰ ਮੋਦੀ ਨੇ ਅੱਜ ਤੱਕ ਪੰਜਾਬ ਲਈ ਫੁੱਟੀ ਕੌਡੀ ਤੱਕ ਨਹੀਂ ਦਿੱਤੀ। ਇਥੋਂ ਤੱਕ ਕਿ ਅਕਾਲੀ ਤੇ ਕਾਂਗਰਸੀ ਮਿਲ ਕੇ ਲੰਗਰ ਤੋਂ ਜੀ. ਐੱਸ. ਟੀ. ਨਹੀਂ ਹਟਵਾ ਸਕੇ । 


Related News