ਸਭ ਤੋਂ ਵੱਡਾ ਦਲਿੱਦਰੀ ਕੌਣ

6/25/2017 11:41:15 AM

ਇਕ ਦਿਨ ਮਹਾਤਮਾ ਜੀ ਭਿੱਖਿਆ ਮੰਗਣ ਜਾ ਰਹੇ ਸਨ। ਸੜਕ 'ਤੇ ਉਨ੍ਹਾਂ ਨੂੰ ਇਕ ਸਿੱਕਾ ਪਿਆ ਨਜ਼ਰ ਆਇਆ, ਜਿਸ ਨੂੰ ਉਨ੍ਹਾਂ ਚੁੱਕ ਕੇ ਝੋਲੀ ਵਿਚ ਪਾ ਲਿਆ। ਉਨ੍ਹਾਂ ਦੇ ਨਾਲ ਜਾ ਰਹੇ ਦੋਵੇਂ ਚੇਲੇ ਹੈਰਾਨ ਰਹਿ ਗਏ। ਉਹ ਸੋਚ ਰਹੇ ਸਨ ਕਿ ਕਾਸ਼! ਸਿੱਕਾ ਉਨ੍ਹਾਂ ਨੂੰ ਮਿਲਦਾ ਤਾਂ ਉਹ ਬਾਜ਼ਾਰ ਤੋਂ ਮਠਿਆਈ ਲੈ ਆਉਂਦੇ।
ਮਹਾਤਮਾ ਜੀ ਉਨ੍ਹਾਂ ਦੇ ਮਨ ਦੀ ਗੱਲ ਜਾਣ ਗਏ। ਉਹ ਬੋਲੇ, ''ਇਹ ਆਮ ਸਿੱਕਾ ਨਹੀਂ, ਮੈਂ ਇਹ ਕਿਸੇ ਯੋਗ ਵਿਅਕਤੀ ਨੂੰ ਦੇਵਾਂਗਾ।''
ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਸਿੱਕਾ ਕਿਸੇ ਨੂੰ ਨਾ ਦਿੱਤਾ।
ਇਕ ਦਿਨ ਮਹਾਤਮਾ ਜੀ ਨੂੰ ਖਬਰ ਮਿਲੀ ਕਿ ਸਿੰਘਗੜ੍ਹ ਦੇ ਮਹਾਰਾਜ ਆਪਣੀ ਵਿਸ਼ਾਲ ਫੌਜ ਨਾਲ ਉੱਧਰੋਂ ਲੰਘ ਰਹੇ ਹਨ। ਮਹਾਤਮਾ ਜੀ ਨੇ ਚੇਲਿਆਂ ਨੂੰ ਕਿਹਾ, ''ਸੋਨਪੁਰ ਛੱਡਣ ਦਾ ਸਮਾਂ ਆ ਗਿਆ ਹੈ।''
ਚੇਲਿਆਂ ਨੂੰ ਨਾਲ ਲੈ ਕੇ ਮਹਾਤਮਾ ਜੀ ਚੱਲ ਪਏ। ਉਸੇ ਵੇਲੇ ਰਾਜੇ ਦੀ ਸਵਾਰੀ ਆ ਗਈ। ਮੰਤਰੀ ਨੇ ਰਾਜੇ ਨੂੰ ਦੱਸਿਆ ਕਿ ਇਹ ਜੋ ਮਹਾਤਮਾ ਜਾ ਰਹੇ ਹਨ, ਬੜੇ ਗਿਆਨੀ ਹਨ। ਰਾਜੇ ਨੇ ਹਾਥੀ ਤੋਂ ਉਤਰ ਕੇ ਮਹਾਤਮਾ ਜੀ ਨੂੰ ਪ੍ਰਣਾਮ ਕੀਤਾ ਅਤੇ ਬੋਲਿਆ, ''ਕ੍ਰਿਪਾ ਕਰ ਕੇ ਮੈਨੂੰ ਆਸ਼ੀਰਵਾਦ ਦਿਓ।''
ਮਹਾਤਮਾ ਜੀ ਨੇ ਝੋਲੇ ਵਿਚੋਂ ਸਿੱਕਾ ਕੱਢਿਆ ਅਤੇ ਰਾਜੇ ਦੀ ਹਥੇਲੀ 'ਤੇ ਰੱਖਦਿਆਂ ਕਿਹਾ, ''ਹੇ ਨਰੇਸ਼, ਤੇਰਾ ਰਾਜ ਧਨ-ਸੰਪਦਾ ਨਾਲ ਭਰਪੂਰ ਹੈ, ਫਿਰ ਵੀ ਤੇਰੇ ਲਾਲਚ ਦਾ ਅੰਤ ਨਹੀਂ। ਤੂੰ ਹੋਰ ਹਾਸਿਲ ਕਰਨ ਦੇ ਲਾਲਚ ਵਿਚ ਜੰਗ ਲੜਨ ਜਾ ਰਿਹਾ ਏਂ। ਮੇਰੇ ਵਿਚਾਰ ਅਨੁਸਾਰ ਤੂੰ ਸਭ ਤੋਂ ਵੱਡਾ ਦਲਿੱਦਰੀ ਏਂ। ਇਸ ਲਈ ਮੈਂ ਤੈਨੂੰ ਇਹ ਸਿੱਕਾ ਦਿੱਤਾ ਹੈ।''
ਰਾਜਾ ਇਸ ਗੱਲ ਦਾ ਮਤਲਬ ਸਮਝ ਗਿਆ। ਉਸ ਨੇ ਫੌਜ ਨੂੰ ਵਾਪਸ ਜਾਣ ਲਈ ਕਿਹਾ।
ਕਹਿਣ ਤੋਂ ਭਾਵ ਇਹ ਹੈ ਕਿ ਲਾਲਚ ਇਨਸਾਨ ਨੂੰ ਇੰਨਾ ਅੰਨ੍ਹਾ ਬਣਾ ਦਿੰਦਾ ਹੈ ਕਿ ਉਸ ਨੂੰ ਚੰਗੇ-ਮਾੜੇ 'ਚ ਫਰਕ ਨਜ਼ਰ ਨਹੀਂ ਆਉਂਦਾ। ਇਸ ਲਈ ਪ੍ਰਮਾਤਮਾ ਨੇ ਤੁਹਾਨੂੰ ਜਿੰਨਾ ਦਿੱਤਾ ਹੈ, ਉਸੇ ਵਿਚ ਸੰਤੁਸ਼ਟ ਰਹੋ। ਕਿਸੇ ਦੂਜੇ ਦੀ ਮਿਹਨਤ ਦੀ ਕਮਾਈ 'ਤੇ ਲਾਲਚ ਭਰੀ ਨਜ਼ਰ ਨਾ ਰੱਖੋ।