ਸੇਵਾ ਤੇ ਭਗਤੀ ''ਚੋਂ ਕਿਸ ਦੀ ਅਹਿਮੀਅਤ ਜ਼ਿਆਦਾ ਹੈ?

1/13/2018 9:47:13 AM

ਜਲੰਧਰ— ਕਾਸ਼ੀ ਦੇ ਰਾਜਾ ਸੁਸ਼ਰਮਾ ਆਪਣੇ ਦਰਬਾਰੀਆਂ ਦੇ ਹਰ ਸਵਾਲ ਦਾ ਜਵਾਬ ਦਿੰਦੇ ਸਨ। ਇਕ ਵਾਰ ਇਕ ਵਿਅਕਤੀ ਨੇ ਦਰਬਾਰ ਵਿਚ ਉਨ੍ਹਾਂ ਨੂੰ ਪੁੱਛਿਆ,''ਰਾਜਨ, ਮਨੁੱਖ ਦੇ ਜੀਵਨ ਵਿਚ ਭਗਤੀ ਤੇ ਸੇਵਾ 'ਚੋਂ ਕਿਸ ਦੀ ਅਹਿਮੀਅਤ ਜ਼ਿਆਦਾ ਹੈ?''
ਉਸ ਵੇਲੇ ਰਾਜਾ ਸੁਸ਼ਰਮਾ ਉਸ ਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਪਰ ਉਹ ਇਸ ਬਾਰੇ ਲਗਾਤਾਰ ਸੋਚਦੇ ਰਹੇ। ਕੁਝ ਸਮੇਂ ਬਾਅਦ ਰਾਜਾ ਸ਼ਿਕਾਰ ਲਈ ਜੰਗਲ ਵੱਲ ਨਿਕਲੇ ਪਰ ਉਨ੍ਹਾਂ ਕਿਸੇ ਨੂੰ ਨਾਲ ਨਹੀਂ ਲਿਆ। ਸੰਘਣੇ ਜੰਗਲ ਵਿਚ ਉਹ ਰਸਤਾ ਭਟਕ ਗਏ। ਸ਼ਾਮ ਹੋ ਗਈ। ਪਿਆਸ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ ਸੀ।
ਕਾਫੀ ਦੇਰ ਭਟਕਣ ਤੋਂ ਬਾਅਦ ਉਨ੍ਹਾਂ ਨੂੰ ਇਕ ਕੁਟੀਆ ਨਜ਼ਰ ਆਈ। ਉਹ ਕਿਸੇ ਸੰਤ ਦੀ ਕੁਟੀਆ ਸੀ। ਰਾਜਾ ਕਿਸੇ ਤਰ੍ਹਾਂ ਕੁਟੀਆ ਤਕ ਪਹੁੰਚੇ ਅਤੇ 'ਪਾਣੀ-ਪਾਣੀ' ਕਹਿੰਦੇ ਬੇਹੋਸ਼ ਹੋ ਗਏ। ਕੁਟੀਆ ਵਿਚ ਸੰਤ ਸਮਾਧੀ ਵਿਚ ਲੀਨ ਸਨ। ਰਾਜੇ ਦੇ ਸ਼ਬਦ ਸੰਤ ਦੇ ਕੰਨਾਂ ਵਿਚ ਪਏ। 'ਪਾਣੀ-ਪਾਣੀ' ਦੀ ਪੁਕਾਰ ਸੁਣ ਕੇ ਸੰਤ ਦੀ ਸਮਾਧੀ ਭੰਗ ਹੋ ਗਈ। ਉਹ ਆਪਣਾ ਆਸਣ ਛੱਡ ਕੇ ਰਾਜੇ ਕੋਲ ਗਏ ਅਤੇ ਉਨ੍ਹਾਂ ਨੂੰ ਪਾਣੀ ਪਿਲਾਇਆ। ਪਾਣੀ ਪੀ ਕੇ ਰਾਜੇ ਨੂੰ ਹੋਸ਼ ਆਈ। ਰਾਜੇ ਨੂੰ ਜਦੋਂ ਪਤਾ ਲੱਗਾ ਕਿ ਸੰਤ ਸਮਾਧੀ ਵਿਚ ਸਨ ਤਾਂ ਉਹ ਬੋਲੇ,''ਮੁਨੀਵਰ, ਮੇਰੇ ਕਾਰਨ ਤੁਹਾਡੇ ਧਿਆਨ ਵਿਚ ਰੁਕਾਵਟ ਪਈ। ਮੈਂ ਕਸੂਰਵਾਰ ਹਾਂ। ਮੈਨੂੰ ਪਛਤਾਵਾ ਹੋ ਰਿਹਾ ਹੈ।''
ਸੰਤ ਬੋਲੇ,''ਤੁਸੀਂ ਕਸੂਰਵਾਰ ਨਹੀਂ ਹੋ। ਇਸ ਲਈ ਪਛਤਾਵਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਿਆਸਾ ਪਾਣੀ ਮੰਗਦਾ ਹੈ ਅਤੇ ਪਿਆਸ ਬੁਝਾਉਣ ਵਾਲਾ ਪਾਣੀ ਦਿੰਦਾ ਹੈ। ਤੁਸੀਂ ਆਪਣਾ ਕਰਮ ਕੀਤਾ ਹੈ ਅਤੇ ਮੈਂ ਆਪਣਾ। ਜੇ ਤੁਸੀਂ ਪਾਣੀ ਦੀ ਪੁਕਾਰ ਨਾ ਲਾਉਂਦੇ ਤਾਂ ਤੁਹਾਡੀ ਜਾਨ ਖਤਰੇ ਵਿਚ ਪੈ ਜਾਂਦੀ ਅਤੇ ਜੇ ਮੈਂ ਸਮਾਧੀ ਛੱਡ ਕੇ ਤੁਹਾਨੂੰ ਪਾਣੀ ਨਾ ਪਿਲਾਉਂਦਾ ਤਾਂ ਵੀ ਤੁਹਾਡੀ ਜਾਨ ਖਤਰੇ ਵਿਚ ਪੈਂਦੀ। ਤੁਹਾਨੂੰ ਪਾਣੀ ਪਿਲਾ ਕੇ ਜੋ ਸੰਤੁਸ਼ਟੀ ਮਿਲ ਰਹੀ ਹੈ, ਉਹ ਸਮਾਧੀ ਦੀ ਅਵਸਥਾ ਵਿਚ ਕਦੇ ਨਾ ਮਿਲਦੀ। ਭਗਤੀ ਤੇ ਸੇਵਾ ਦੋਵੇਂ ਮੋਕਸ਼ ਦੇ ਸਾਧਨ ਹਨ ਪਰ ਜੇ ਤੁਸੀਂ ਅੱਜ ਪਿਆਸੇ ਰਹਿ ਜਾਂਦੇ ਤਾਂ ਮੇਰੀ ਹੁਣ ਤਕ ਦੀ ਸਾਰੀ ਸਾਧਨਾ ਵਿਅਰਥ ਚਲੀ ਜਾਂਦੀ।''
ਰਾਜੇ ਨੂੰ ਜਵਾਬ ਮਿਲ ਗਿਆ ਕਿ ਸੇਵਾ ਦੀ ਅਹਿਮੀਅਤ ਭਗਤੀ ਤੋਂ ਜ਼ਿਆਦਾ ਹੈ।