ਦੁਨੀਆਂ ਦੀ ਦਲਦਲ ''ਚ ਸੁੱਖ ਕਿਥੇ

1/13/2018 7:46:46 AM

ਜਲੰਧਰ— ਇਕ ਰਾਜ ਦੀ ਰਾਜਕੁਮਾਰੀ ਦਾ ਨੌਲੱਖਾ ਹਾਰ ਚੋਰੀ ਹੋ ਗਿਆ। ਕੀਮਤੀ ਹੀਰੇ-ਜਵਾਹਰਾਤਾਂ ਨਾਲ ਜੜੇ ਉਸ ਹਾਰ ਦੀ ਭਾਲ ਸਾਰੇ ਰਾਜ ਵਿਚ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਿਆ। ਅਖੀਰ ਵਿਚ ਹਾਰ ਕੇ ਰਾਜੇ ਨੇ ਰਾਜ ਵਿਚ ਢਿੰਡੋਰਾ ਪਿਟਵਾਇਆ ਕਿ ਜਿਹੜਾ ਕੋਈ ਵੀ ਉਸ ਹਾਰ ਨੂੰ ਲੱਭ ਕੇ ਲਿਆਏਗਾ, ਉਸ ਨੂੰ ਇਕ ਲੱਖ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।
ਇਕ ਦਿਨ ਰਾਜੇ ਦਾ ਮੰਤਰੀ ਕਿਸੇ ਕੰਮ ਦੇ ਸਿਲਸਿਲੇ 'ਚ ਇਕੱਲਾ ਰਾਜ ਦੀ ਸਰਹੱਦ ਤੋਂ ਬਾਹਰ ਵੱਲ ਕਿਤੇ ਜਾ ਰਿਹਾ ਸੀ। ਉਸੇ ਵੇਲੇ ਉਸ ਨੂੰ ਰਾਜ ਦੇ ਨੇੜੇ ਵਗਣ ਵਾਲੇ ਨਾਲੇ ਵਿਚ ਰਾਜਕੁਮਾਰੀ ਦਾ ਹਾਰ ਚਮਕਦਾ ਹੋਇਆ ਨਜ਼ਰ ਆਇਆ। ਇਹ ਦੇਖ ਕੇ ਮੰਤਰੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹ ਨਾਲਾ ਗੰਦਾ ਸੀ ਅਤੇ ਸਾਰੇ ਰਾਜ ਦੀ ਗੰਦਗੀ ਉਸ ਵਿਚੋਂ ਵਹਿ ਕੇ ਕਿਲੇ ਦੇ ਤਲ ਵਿਚ ਵਸੇ ਨਗਰ ਤੋਂ ਬਾਹਰ ਨਿਕਲਦੀ ਸੀ। ਉਸ ਹਾਰ ਨੂੰ ਦੇਖ ਕੇ ਮੰਤਰੀ ਨੇ ਕੋਲ ਪਈ ਲੱਕੜ ਚੁੱਕੀ ਅਤੇ ਉਸ ਨਾਲ ਹਾਰ ਨਾਲੇ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਉਹ ਲੱਕੜ ਨਾਲੇ ਵਿਚ ਗਈ, ਉਸ ਦਾ ਪਾਣੀ ਹਿਲ ਗਿਆ ਅਤੇ ਹਾਰ ਦਿਸਣਾ ਬੰਦ ਹੋ ਗਿਆ। ਕਈ ਵਾਰ ਲੱਕੜ ਘੁਮਾਉਣ ਤੋਂ ਬਾਅਦ ਵੀ ਉਸ ਦੇ ਹੱਥ ਕੁਝ ਨਾ ਆਇਆ।
ਆਖਰ ਮੰਤਰੀ ਸੋਚਣ ਲੱਗਾ ਕਿ ਜੇ ਮੈਂ ਖੁਦ ਨਾਲੇ ਵਿਚ ਉਤਰ ਕੇ ਹਾਰ ਕੱਢ ਲਿਆਵਾਂ ਤਾਂ ਇਸ ਵਿਚ ਕੀ ਹਰਜ ਹੈ। ਮੈਨੂੰ ਇਥੇ ਕੋਈ ਦੇਖ ਤਾਂ ਰਿਹਾ ਨਹੀਂ। ਇਹ ਸੋਚ ਕੇ ਉਸ ਨੇ ਚੁੱਪਚਾਪ ਆਪਣੇ ਕੱਪੜੇ ਉਤਾਰੇ ਅਤੇ ਸੰਭਲ ਕੇ ਨਾਲੇ ਵਿਚ ਉਤਰਨ ਲੱਗਾ ਪਰ ਨਾਲੇ ਵਿਚ ਕਦਮ ਰੱਖਦਿਆਂ ਹੀ ਉਸ ਦਾ ਪੈਰ ਤਿਲਕਿਆ ਅਤੇ ਉਹ ਗੰਦਗੀ ਵਿਚ ਡਿਗ ਪਿਆ। ਉਸ ਨੇ ਸੋਚਿਆ ਕਿ ਹੁਣ ਮੈਂ ਗੰਦਾ ਹੋ ਹੀ ਗਿਆ ਹਾਂ ਤਾਂ ਕਿਉਂ ਨਾ ਪੂਰੀ ਤਰ੍ਹਾਂ ਹਾਰ ਨੂੰ ਲੱਭਿਆ ਜਾਵੇ।
ਉਹ ਨਾਲੇ ਦੇ ਪਾਣੀ ਦੇ ਅੰਦਰ ਇੱਧਰ-ਉੱਧਰ ਆਪਣੇ ਹੱਥ ਘੁਮਾਉਣ ਲੱਗਾ ਪਰ ਕਾਫੀ ਦੇਰ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਉਹ ਨੌਲੱਖਾ ਹਾਰ ਨਹੀਂ ਮਿਲ ਸਕਿਆ। ਹਾਰ ਕੇ ਉਹ ਉਥੇ ਹੀ ਬੈਠ ਗਿਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਜਿਹੜਾ ਹਾਰ ਕੁਝ ਦੇਰ ਪਹਿਲਾਂ ਤਕ ਪਾਣੀ ਵਿਚ ਸਪੱਸ਼ਟ ਨਜ਼ਰ ਆ ਰਿਹਾ ਸੀ, ਉਹ ਅਚਾਨਕ ਕਿਥੇ ਗਾਇਬ ਹੋ ਗਿਆ।
ਉਸੇ ਵੇਲੇ ਉਸ ਦੀ ਨਜ਼ਰ ਉੱਪਰ ਵੱਲ ਗਈ। ਉਸ ਨੇ ਦੇਖਿਆ ਕਿ ਦਰੱਖਤ ਦੀ ਟਾਹਣੀ 'ਤੇ ਨੌਲੱਖਾ ਹਾਰ ਲਟਕ ਰਿਹਾ ਹੈ। ਅਸਲ ਵਿਚ ਉਸ ਹਾਰ ਦਾ ਪ੍ਰਛਾਵਾਂ ਪਾਣੀ ਵਿਚ ਬਣ ਰਿਹਾ ਸੀ, ਜਿਸ ਨੂੰ ਮੰਤਰੀ ਅਸਲੀ ਸਮਝ ਬੈਠਾ ਸੀ।
ਇਹੋ ਗੱਲ ਜੀਵਨ 'ਤੇ ਵੀ ਲਾਗੂ ਹੁੰਦੀ ਹੈ। ਮਨੁੱਖ ਦੁਨੀਆ ਦੀ ਦਲਦਲ ਵਿਚ ਸੁੱਖ ਲੱਭਦਾ ਹੈ, ਜਦੋਂਕਿ ਆਨੰਦ ਬਹੁਤ ਉੱਚੇ ਪੱਧਰ 'ਤੇ ਹੁੰਦਾ ਹੈ, ਜਿਸ ਦਾ ਪ੍ਰਛਾਵਾਂ ਦੁਨੀਆ ਵਿਚ ਨਜ਼ਰ ਆਉਂਦਾ ਹੈ।