ਕਿਹੋ ਜਿਹਾ ਹੋਵੇ ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ

5/22/2017 10:01:19 AM

ਗੱਲ ਪੁਰਾਣੀ ਹੈ ਪਰ ਹੈ ਦਿਲਚਸਪ। ਇਕ ਵਾਰ ਇਕ ਮੁਨੀ ਤੀਰਥ ਯਾਤਰਾ ''ਤੇ ਨਿਕਲੇ। ਰਸਤੇ ਵਿਚ ਇਕ ਪਿੰਡ ਆਇਆ। ਮੁਨੀ ਬਹੁਤ ਥੱਕ ਗਏ ਸਨ, ਇਸ ਲਈ ਉਹ ਪਿੰਡ ਵਿਚ ਹੀ ਖੇਤ ਨੇੜੇ ਬੋਹੜ ਹੇਠਾਂ ਬੈਠ ਗਏ। ਉਥੇ ਕੁਝ ਮਜ਼ਦੂਰ ਪੱਥਰ ਨਾਲ ਖੰਭਾ ਬਣਾ ਰਹੇ ਸਨ।
ਮੁਨੀ ਨੇ ਪੁੱਛਿਆ,''''ਇਹ ਕੀ ਬਣ ਰਿਹਾ ਹੈ?''''
ਇਕ ਮਜ਼ਦੂਰ ਬੋਲਿਆ,''''ਪੱਥਰ ਕੱਟ ਰਿਹਾ ਹਾਂ।''''
ਮੁਨੀ ਨੇ ਫਿਰ ਪੁੱਛਿਆ,''''ਉਹ ਤਾਂ ਮੈਂ ਵੀ ਦੇਖ ਰਿਹਾ ਹਾਂ ਪਰ ਇਥੇ ਬਣੇਗਾ ਕੀ?''''
ਦੂਜਾ ਮਜ਼ਦੂਰ ਬੋਲਿਆ,''''ਪਤਾ ਨਹੀਂ, ਅਸੀਂ ਤਾਂ ਬਸ ਦਿਹਾੜੀ ਲਾ ਰਹੇ ਹਾਂ, ਥੱਕ ਚੁੱਕੇ ਹਾਂ।''''
ਮੁਨੀ ਅੱਗੇ ਚੱਲ ਪਏ। ਉਨ੍ਹਾਂ ਨੂੰ ਇਕ ਹੋਰ ਮਜ਼ਦੂਰ ਮਿਲਿਆ। ਉਨ੍ਹਾਂ ਉਸ ਤੋਂ ਵੀ ਇਹੋ ਪੁੱਛਿਆ ਕਿ ਇਥੇ ਕੀ ਬਣੇਗਾ ਪਰ ਉਸ ਮਜ਼ਦੂਰ ਨੇ ਵੀ ਨਿਰਾਸ਼ਾ ਭਰਿਆ ਜਵਾਬ ਦਿੱਤਾ ਪਰ ਹੁਣ ਜਿਹੜਾ ਮਜ਼ਦੂਰ ਮਿਲਿਆ, ਉਸ ਨੇ ਸਹੀ ਜਵਾਬ ਦਿੱਤਾ। ਮੁਨੀ ਨੇ ਪੁੱਛਿਆ ਤਾਂ ਉਹ ਬੋਲਿਆ,''''ਮੁਨੀਵਰ, ਇਥੇ ਮੰਦਰ ਬਣੇਗਾ। ਪਿੰਡ ਵਿਚ ਕੋਈ ਵੱਡਾ ਮੰਦਰ ਨਹੀਂ ਸੀ। ਪਿੰਡ ਦੇ ਲੋਕਾਂ ਨੂੰ ਬਾਹਰ ਦੂਜੇ ਪਿੰਡ ਵਿਚ ਤਿਉਹਾਰ ਮਨਾਉਣ ਜਾਣਾ ਪੈਂਦਾ ਸੀ। ਮੈਂ ਆਪਣੇ ਹੁਨਰ ਨਾਲ ਇਥੇ ਮੰਦਰ ਬਣਾ ਰਿਹਾ ਹਾਂ। ਜਦੋਂ ਮੈਂ ਪੱਥਰਾਂ ''ਤੇ ਛੈਣੀ ਚਲਾਉਂਦਾ ਹਾਂ ਤਾਂ ਮੈਨੂੰ ਮੰਦਰ ਦੀ ਘੰਟੀ ਦੀ ਆਵਾਜ਼ ਸੁਣਦੀ ਹੈ। ਮੈਂ ਆਪਣੇ ਇਸੇ ਕੰਮ ਵਿਚ ਮਗਨ ਰਹਿੰਦਾ ਹਾਂ।''''
ਮੁਨੀ ਮਜ਼ਦੂਰ ਦੇ ਇਸ ਨਜ਼ਰੀਏ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਆਸ਼ੀਰਵਾਦ ਦਿੱਤਾ।
ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਜ਼ਿੰਦਗੀ ਕਿਸ ਢੰਗ ਨਾਲ ਜਿਊਂਦੇ ਹੋ, ਇਹ ਤੁਹਾਡਾ ਰਵੱਈਆ ਤੈਅ ਕਰਦਾ ਹੈ। ਕੰਮ ਨੂੰ ਜੇ ਆਨੰਦ ਨਾਲ ਕੀਤਾ ਜਾਵੇ ਤਾਂ ਹਮੇਸ਼ਾ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ।
ਉਸ ਮਜ਼ਦੂਰ ਨੂੰ ਛੈਣੀ ਦੀ ਆਵਾਜ਼ ਵਿਚ ਮੰਦਰ ਦੀਆਂ ਘੰਟੀਆਂ ਸੁਣ ਰਹੀਆਂ ਸਨ ਭਾਵ ਉਸ ਦਾ ਨਜ਼ਰੀਆ ਮਹਾਨ ਸੀ। ਇਸ ਲਈ ਉਹ ਇਹ ਕੰਮ ਆਰਾਮ ਨਾਲ ਬਿਨਾਂ ਥੱਕੇ ਕਰ ਸਕਿਆ। ਇਸ ਲਈ ਕਹਿੰਦੇ ਹਨ ਕਿ ਖੁਸ਼ੀ ਤੁਹਾਡੇ ਕੰਮ ਵਿਚ ਨਹੀਂ, ਕੰਮ ਪ੍ਰਤੀ ਤੁਹਾਡੇ ਨਜ਼ਰੀਏ ਵਿਚ ਹੈ।