ਸਿੱਖਿਆ ਦਾ ਨਿਚੋੜ ਕੀ ਹੈ?

7/7/2017 11:58:11 AM

ਕਾਸ਼ੀ 'ਚ ਗੰਗਾ ਕੰਢੇ ਇਕ ਸੰਤ ਦਾ ਸ਼ਾਂਤ ਤੇ ਰਮਣੀਕ ਆਸ਼ਰਮ ਸੀ। ਉਨ੍ਹਾਂ ਦੇ ਆਸ਼ਰਮ ਵਿਚ ਕਈ ਬੱਚੇ ਸਿੱਖਿਆ ਹਾਸਿਲ ਕਰਦੇ ਸਨ। ਇਕ ਦਿਨ ਉਨ੍ਹਾਂ ਦੇ ਇਕ ਚੇਲੇ ਨੇ ਪੁੱਛਿਆ,''ਗੁਰੂਵਰ, ਸਿੱਖਿਆ ਦਾ ਨਿਚੋੜ ਕੀ ਹੈ?''
ਸੰਤ ਮੁਸਕਰਾ ਕੇ ਬੋਲੇ, ''ਇਕ ਦਿਨ ਤੂੰ ਆਪਣੇ-ਆਪ ਜਾਣ ਜਾਵੇਂਗਾ।''
ਗੱਲ ਆਈ-ਗਈ ਹੋ ਗਈ। ਕੁਝ ਸਮੇਂ ਬਾਅਦ ਇਕ ਰਾਤ ਸੰਤ ਨੇ ਉਸ ਚੇਲੇ ਨੂੰ ਕਿਹਾ, ''ਵਤਸ, ਇਹ ਪੁਸਤਕ ਮੇਰੇ ਕਮਰੇ ਵਿਚ ਤਖਤ 'ਤੇ ਰੱਖ ਦੇ।''
ਚੇਲਾ ਪੁਸਤਕ ਲੈ ਕੇ ਕਮਰੇ ਵਿਚ ਗਿਆ ਪਰ ਤੁਰੰਤ ਵਾਪਸ ਆ ਗਿਆ। ਉਹ ਡਰ ਨਾਲ ਕੰਬ ਰਿਹਾ ਸੀ। ਸੰਤ ਨੇ ਪੁੱਛਿਆ, ''ਕੀ ਹੋਇਆ, ਇੰਨਾ ਡਰਿਆ ਹੋਇਆ ਕਿਉਂ ਏਂ?''
ਚੇਲਾ ਬੋਲਿਆ,''ਗੁਰੂਵਰ, ਕਮਰੇ ਵਿਚ ਸੱਪ ਹੈ।''
ਸੰਤ ਬੋਲੇ, ''ਤੈਨੂੰ ਭੁਲੇਖਾ ਲੱਗਾ ਹੋਵੇਗਾ। ਕਮਰੇ ਵਿਚ ਸੱਪ ਕਿਥੋਂ ਆਏਗਾ? ਤੂੰ ਫਿਰ ਜਾ। ਇਸ ਵਾਰ ਮੰਤਰ ਦਾ ਜਾਪ ਕਰੀਂ। ਸੱਪ ਹੋਵੇਗਾ ਤਾਂ ਭੱਜ ਜਾਵੇਗਾ।''
ਚੇਲਾ ਮੁੜ ਕਮਰੇ ਵਿਚ ਗਿਆ। ਉਸ ਨੇ ਮੰਤਰ ਦਾ ਜਾਪ ਵੀ ਕੀਤਾ ਪਰ ਸੱਪ ਉਸੇ ਥਾਂ 'ਤੇ ਸੀ। ਉਹ ਡਰ ਕੇ ਫਿਰ ਬਾਹਰ ਆ ਗਿਆ ਅਤੇ ਸੰਤ ਨੂੰ ਕਹਿਣ ਲੱਗਾ, ''ਸੱਪ ਉਥੋਂ ਜਾ ਹੀ ਨਹੀਂ ਰਿਹਾ।''
ਸੰਤ ਬੋਲੇ, ''ਇਸ ਵਾਰ ਦੀਵਾ ਲੈ ਕੇ ਜਾ। ਸੱਪ ਹੋਵੇਗਾ ਤਾਂ ਦੀਵੇ ਦੀ ਰੌਸ਼ਨੀ ਨਾਲ ਭੱਜ ਜਾਵੇਗਾ।''
ਚੇਲਾ ਇਸ ਵਾਰ ਦੀਵਾ ਲੈ ਕੇ ਗਿਆ ਤਾਂ ਦੇਖਿਆ ਕਿ ਉਥੇ ਸੱਪ ਨਹੀਂ ਸਗੋਂ ਰੱਸੀ ਲਟਕੀ ਹੋਈ ਸੀ। ਹਨੇਰੇ ਕਾਰਨ ਉਸ ਨੂੰ ਰੱਸੀ ਸੱਪ ਵਰਗੀ ਲੱਗ ਰਹੀ ਸੀ। ਬਾਹਰ ਆ ਕੇ ਚੇਲੇ ਨੇ ਕਿਹਾ, ''ਗੁਰੂਵਰ, ਉਥੇ ਸੱਪ ਨਹੀਂ ਰੱਸੀ ਦਾ ਟੁਕੜਾ ਹੈ। ਹਨੇਰੇ ਵਿਚ ਮੈਂ ਉਸ ਨੂੰ ਸੱਪ ਸਮਝ ਲਿਆ ਸੀ।''
ਸੰਤ ਨੇ ਕਿਹਾ, ''ਵਤਸ, ਇਸੇ ਨੂੰ ਭੁਲੇਖਾ ਕਹਿੰਦੇ ਹਨ। ਗਿਆਨ ਦੀ ਰੌਸ਼ਨੀ ਨਾਲ ਹੀ ਇਸ ਜਾਲ ਨੂੰ ਮਿਟਾਇਆ ਜਾ ਸਕਦਾ ਹੈ ਪਰ ਅਣਜਾਣਪੁਣੇ ਵਿਚ ਅਸੀਂ ਬਹੁਤ ਸਾਰੇ ਭੁਲੇਖਿਆਂ ਵਿਚ ਪਏ ਰਹਿੰਦੇ ਹਾਂ ਅਤੇ ਅੰਦਰੂਨੀ ਦੀਵੇ ਦੀ ਘਾਟ ਵਿਚ ਉਸ ਨੂੰ ਦੂਰ ਨਹੀਂ ਕਰਦੇ। ਇਹ ਅੰਦਰੂਨੀ ਦੀਵੇ ਦੀ ਰੌਸ਼ਨੀ ਸੰਤਾਂ ਤੇ ਗਿਆਨੀਆਂ ਦੇ ਸਤਿਸੰਗ ਨਾਲ ਮਿਲਦੀ ਹੈ। ਜਦੋਂ ਤਕ ਅੰਦਰੂਨੀ ਦੀਵੇ ਦੀ ਰੌਸ਼ਨੀ ਨਹੀਂ ਬਲੇਗੀ, ਲੋਕ ਭੁਲੇਖਿਆਂ ਦੇ ਜਾਲ 'ਚੋਂ ਨਿਕਲ ਨਹੀਂ ਸਕਣਗੇ।''