ਅਦਭੁੱਤ ਵੀਰਭੱਦਰ ਮੰਦਿਰ

7/10/2017 6:28:15 AM

ਆਂਧਰ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ ਦੇ ਇਕ ਛੋਟੇ ਜਿਹੇ ਇਤਿਹਾਸਕ ਪਿੰਡ ਲੇਪਾਕਸ਼ੀ 'ਚ 16ਵੀਂ ਸਦੀ ਦਾ ਵੀਰਭੱਦਰ ਮੰਦਿਰ ਹੈ। ਇਸ ਨੂੰ ਲੇਪਾਕਸ਼ੀ ਮੰਦਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਰਹੱਸਮਈ ਮੰਦਿਰ ਹੈ, ਜਿਸ ਦੀ ਗੁੱਥੀ ਦੁਨੀਆ ਦਾ ਕੋਈ ਵੀ ਇੰਜੀਨੀਅਰ ਅਜੇ ਤਕ ਨਹੀਂ ਸੁਲਝਾ ਸਕਿਆ। ਬ੍ਰਿਟੇਨ ਦੇ ਇਕ ਇੰਜੀਨੀਅਰ ਨੇ ਵੀ ਇਸ ਨੂੰ ਸੁਲਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਅਸਫਲ ਰਿਹਾ। ਮੰਦਿਰ ਦਾ ਰਹੱਸ ਇਸ ਦੇ 72 ਪਿੱਲਰਾਂ 'ਚੋਂ ਇਕ ਪਿੱਲਰ ਹੈ, ਜੋ ਜ਼ਮੀਨ ਨੂੰ ਛੂੰਹਦਾ। ਇਹ ਜ਼ਮੀਨ ਤੋਂ ਥੋੜ੍ਹਾ ਉਪਰ ਉੱਠਿਆ ਹੋਇਆ ਹੈ ਅਤੇ ਲੋਕ ਇਸ ਦੇ ਹੇਠੋਂ ਕੱਪੜੇ ਨੂੰ ਇਕ ਤੋਂ ਦੂਜੇ ਪਾਸੇ ਕੱਢ ਦਿੰਦੇ ਹਨ। ਮੰਦਿਰ ਦਾ ਨਿਰਮਾਣ ਵਿਜੇ ਨਗਰ ਸ਼ੈਲੀ 'ਚ ਕੀਤਾ ਗਿਆ ਹੈ। ਇਸ 'ਚ ਦੇਵੀ-ਦੇਵਤਿਆਂ, ਨ੍ਰਤਕੀਆਂ, ਸੰਗੀਤਕਾਰਾਂ ਨੂੰ ਚਿੱਤਰਿਆ ਗਿਆ ਹੈ। ਕੰਧਾਂ 'ਤੇ ਕਈ ਪੇਂਟਿੰਗਜ਼ ਹਨ। ਖੰਭਿਆਂ ਅਤੇ ਛੱਤ 'ਤੇ ਮਹਾਭਾਰਤ ਤੇ ਰਾਮਾਇਣ ਦੀਆਂ ਕਹਾਣੀਆਂ ਚਿੱਤਰੀਆਂ ਗਈਆਂ ਹਨ। ਮੰਦਿਰ 'ਚ 24*14 ਫੁੱਟ ਦੀ ਵੀਰਭੱਦਰ ਦੀ ਇਕ ਵਾਲ ਪੇਂਟਿੰਗ ਵੀ ਹੈ। ਇਹ ਮੰਦਿਰ ਦੀ ਛੱਤ 'ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਵਾਲ ਪੇਂਟਿੰਗ ਹੈ। ਪੌਰਾਣਿਕ ਕਥਾਵਾਂ ਅਨੁਸਾਰ ਵੀਰਭੱਦਰ ਨੂੰ ਭਗਵਾਨ ਸ਼ਿਵ ਨੇ ਪੈਦਾ ਕੀਤਾ ਸੀ।
ਮੰਦਿਰ ਦੇ ਸਾਹਮਣੇ ਵਿਸ਼ਾਲ ਨੰਦੀ ਦੀ ਮੂਰਤੀ ਹੈ, ਜੋ ਇਕ ਹੀ ਪੱਥਰ 'ਤੇ ਤਰਾਸ਼ੀ ਗਈ ਹੈ। ਕਿਹਾ ਜਾਂਦਾ ਹੈ ਕਿ ਦੁਨੀਆ 'ਚ ਇਹ ਆਪਣੀ ਤਰ੍ਹਾਂ ਦੀ ਨੰਦੀ ਦੀ ਸਭ ਤੋਂ ਵੱਡੀ ਮੂਰਤੀ ਹੈ। ਵੀਰਭੱਦਰ ਮੰਦਿਰ ਦਾ ਨਿਰਮਾਣ ਦੋ ਭਰਾਵਾਂ ਵਿਰੰਨਾ ਤੇ ਵਿਰੂਪੰਨਾ ਨੇ ਕੀਤਾ ਸੀ। ਉਹ ਵਿਜੇ ਨਗਰ ਸਾਮਰਾਜ ਦੇ ਰਾਜਾ ਅਚਿਊਤਾਰਥ ਦੇ ਅਧੀਨ ਜਾਗੀਰਦਾਰ ਸਨ। ਲੋਪਾਕਸ਼ੀ ਪਿੰਡ ਦਾ ਰਾਮਾਇਣ ਦੇ ਕਾਲ ਵੇਲੇ ਦਾ ਮਹੱਤਵ ਹੈ।      
ਪੌਰਾਣਿਕ ਕਥਾ
ਇਕ ਦੰਦਕਥਾ ਪ੍ਰਚੱਲਿਤ ਹੈ ਕਿ ਜਦੋਂ ਰਾਵਣ ਸੀਤਾ ਦਾ ਹਰਣ ਕਰ ਕੇ ਲਈ ਜਾ ਰਿਹਾ ਸੀ ਤਾਂ ਜਟਾਯੂ ਨੇ ਉਸ ਨਾਲ ਯੁੱਧ ਕੀਤਾ ਸੀ। ਇਸ ਪਿੱਛੋਂ ਜ਼ਖ਼ਮੀ ਹੋ ਕੇ ਜਟਾਯੂ ਇਥੇ ਹੀ ਡਿੱਗਾ ਸੀ। ਭਗਵਾਨ ਰਾਮ ਨੇ ਜਟਾਯੂ ਨੂੰ ਜ਼ਖ਼ਮੀ ਹਾਲਤ 'ਚ ਇਥੇ ਹੀ ਵੇਖਿਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਉੱਠਣ ਲਈ ਕਿਹਾ ਸੀ। ਲੇਪਾਕਸ਼ੀ ਦਾ ਤੇਲਗੂ 'ਚ ਅਰਥ ਹੈ—ਉੱਠੋ ਪੰਛੀ।
—ਅਭੈ ਮਿਸ਼ਰ