ਨਾਂਦੇੜ ਦਾ ਮਾਹੁਰ ਪਿੰਡ (ਦੇਖੋ ਤਸਵੀਰਾਂ)

4/24/2017 7:06:08 AM

ਮਾਹੌਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਮਾਹੁਰ ਪਿੰਡ ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ ''ਚ ਨਾਂਦੇੜ ਜ਼ਿਲੇ ਦੇ ਕਿਨਵਟ ਸ਼ਹਿਰ ਤੋਂ 40 ਕਿਲੋਮੀਟਰ ਉੱਤਰ-ਪੱਛਮ ''ਚ ਵਸਿਆ ਹੈ। ਪਹਿਲਾਂ ਮਾਹੌਰ ਇਕ ਵੱਡਾ ਸ਼ਹਿਰ ਸੀ ਅਤੇ ਦੱਖਣੀ ਬੇਰਾਰਰ ਦਾ ਇਕ ਰਾਜ ਵੀ। ਇਥੇ ਪਹਾੜੀਆਂ ਦੀ ਪੂਰਬ ਦਿਸ਼ਾ ''ਚ ਇਕ ਬਹੁਤ ਪੁਰਾਣਾ ਕਿਲਾ, ਜਿਸ ਨੂੰ ਮਾਹੁਰ ਕਿਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਥਿਤ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕਿਲਾ ਯਾਦਵਾਂ ਦੇ ਸ਼ਾਸਨਕਾਲ ''ਚ ਬਣਿਆ। ਇਸ ਤੋਂ ਬਾਅਦ ਇਸ ਕਿਲੇ ''ਤੇ ਕਈ ਸ਼ਾਸਕਾਂ ਗੋਂਡਾ, ਬ੍ਰਾਹਮਣ, ਆਦਿਲਸ਼ਾਹੀ ਤੇ ਨਿਜ਼ਾਮਸ਼ਾਹੀ ਆਦਿ ਨੇ ਸ਼ਾਸਨ ਕੀਤਾ। ਸਭ ਤੋਂ ਅਖੀਰ ''ਚ ਮੁਗਲਾਂ ਅਤੇ ਉਨ੍ਹਾਂ ਦੇ ਜਾਗੀਰਦਾਰਾਂ ਦਾ ਇਸ ''ਤੇ ਸ਼ਾਸਨ ਰਿਹਾ। ਇਹ ਕਿਲਾ ਤਿੰਨੋਂ ਪਾਸਿਓਂ ਪੈਨਗੰਗਾ ਨਦੀ ਨਾਲ ਘਿਰਿਆ ਹੋਇਆ ਹੈ।
ਮਾਹੁਰ ਕਿਲਾ ਆਲੇ-ਦੁਆਲੇ ਸਥਿਤ ਦੋ ਪਹਾੜੀਆਂ ਦੇ ਸਿਖਰ ''ਤੇ ਬਣਿਆ ਹੈ। ਇਸ ਵਿਚ ਦੋ ਮੁੱਖ ਦਰਵਾਜ਼ੇ ਹਨ-ਇਕ ਦੱਖਣ ਵੱਲ ਤੇ ਦੂਸਰਾ ਉੱਤਰ ਵੱਲ ਹੈ। ਕਿਲੇ ਦੀ ਹਾਲਤ ਹੁਣ ਤਰਸਯੋਗ ਹੋ ਗਈ ਹੈ ਪਰ ਉੱਤਰ ਦੀ ਦਿਸ਼ਾ ਵਾਲਾ ਦਰਵਾਜ਼ਾ ਫਿਰ ਵੀ ਠੀਕ-ਠਾਕ ਸਥਿਤੀ ''ਚ ਹੈ। ਕਿਲੇ ਦੇ ਅੰਦਰ ਇਕ ਮਹੱਲ, ਇਕ ਮਸਜਿਦ, ਇਕ ਅੰਨ ਭੰਡਾਰ ਆਦਿ ਬਣੇ ਹੋਏ ਹਨ, ਹਾਲਾਂਕਿ ਹੁਣ ਇਹ ਖੰਡਰ ਬਣ ਚੁੱਕੇ ਹਨ। ਕਿਲੇ ਦੇ ਵਿਚਾਲੇ ਇਕ ਵੱਡਾ ਜਿਹਾ ਟੈਂਕ ਹੈ, ਜਿਸ ਨੂੰ ਆਜਲਾ ਤਲਾਬ ਕਹਿੰਦੇ ਹਨ। ਡੇਕਨ ਦੇ ਉੱਤਰ ਤੋਂ ਮੁੱਖ ਰਸਤੇ ''ਤੇ ਸਥਿਤ ਹੋਣ ਕਾਰਨ ਮਾਹੁਰ ਦਾ ਇਕ ਲੰਬਾ ਇਤਿਹਾਸ ਹੈ। ਇਥੇ ਬਹੁਤ ਸਾਰੇ ਅਜਿਹੇ ਸਬੂਤ ਹਨ, ਜੋ ਇਹ ਦਿਖਾਉਂਦੇ ਹਨ ਕਿ ਮਾਹੁਰ, ਜਿਸ ਨੂੰ ਪ੍ਰਾਚੀਨ ਕਾਲ ''ਚ ਮਾਤਾਪੁਰ ਕਹਿੰਦੇ ਸੀ, ਸਤਵੰਸ਼ ਤੇ ਰਾਸ਼ਟਰਕੂਟ ਦੇ ਸਮੇਂ ਇਕ ਬਹੁਤ ਹੀ ਮਹੱਤਵਪੂਰਨ ਸਥਾਨ ਸੀ।
ਕੋਲ ਦੀ ਪਹਾੜੀ ''ਤੇ ਯਾਦਵ ਨਰੇਸ਼ ਨੇ ਰੇਣੁਕਾ ਮੰਦਿਰ ਦਾ ਨਿਰਮਾਣ ਕਰਵਾਇਆ। ਗੋਂਡਾ ਸ਼ਾਸਨ ਦੀ ਸਮਾਪਤੀ ਤੋਂ ਬਾਅਦ 15ਵੀਂ ਸਦੀ ''ਚ ਮਾਹੁਰ ਬ੍ਰਾਹਮਣਾਂ ਦੇ ਕਬਜ਼ੇ ''ਚ ਆ ਗਿਆ ਤੇ ਉਨ੍ਹਾਂ ਨੇ ਇਕ ''ਰਾਜ'' ਬਣਾਇਆ। 16ਵੀਂ ਸਦੀ ਵਿਚ ਸਾਮਰਿਕ ਨਜ਼ਰੀਏ ਤੋਂ ਮੁੱਖ ਕੇਂਦਰ ਬਣੇ ਮਾਹੁਰ ''ਚ ਨਿਜ਼ਾਮਸ਼ਾਹੀ, ਆਦਿਲਸ਼ਾਹੀ ਅਤੇ ਇਮਾਦਸ਼ਾਹੀ ਸ਼ਾਸਕਾਂ ਵਿਚਾਲੇ ਝੜਪ ਹੋਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ 17ਵੀਂ ਸਦੀ ਦੀ ਸ਼ੁਰੂਆਤ ''ਚ ਮਾਹੌਰ ਮੁਗਲ ਸ਼ਾਸਕਾਂ ਦਾ ਹਿੱਸਾ ਹੋ ਗਿਆ ਤੇ ਆਪਣੇ ਸੂਬੇਦਾਰਾਂ ਦੀ ਬਦੌਲਤ ਇਹ ਸ਼ਾਸਨ ਕਰਨ ''ਚ ਸਫਲ ਰਹੇ। ਜਦੋਂ ਸ਼ਾਹਜਹਾਂ ਨੇ ਆਪਣੇ ਪਿਤਾ ਜਹਾਂਗੀਰ ਵਿਰੁੱਧ ਬਗਾਵਤੀ ਤੇਵਰ ਅਪਣਾ ਲਏ ਤਾਂ ਉਸ ਨੇ ਮਾਹੌਰ ਕਿਲੇ ''ਚ ਪਤਨੀ ਅਤੇ ਬੱਚਿਆਂ ਦੇ ਨਾਲ ਸ਼ਰਣ ਲਈ। ਇਸ ਵਿਚ ਸ਼ਾਹਜਹਾਂ ਦਾ 6 ਸਾਲ ਦਾ ਬੇਟਾ ਔਰੰਗਜ਼ੇਬ ਵੀ ਨਾਲ ਸੀ।
ਕੀ-ਕੀ ਦੇਖੀਏ।
* ਰੇਣੁਕਾ ਦੇਵੀ-ਮਾਹੁਰ ਪਿੰਡ ਤੋਂ ਲੱਗਭਗ ਦੋ ਕਿਲੋਮੀਟਰ ਦੀ ਦੂਰੀ ''ਤੇ ਰੇਣੁਕਾ ਦੇਵੀ ਦਾ ਮੰਦਿਰ ਹੈ, ਜੋ ਇਕ ਪਹਾੜੀ ''ਤੇ ਬਣਿਆ ਹੋਇਆ ਹੈ। ਇਸ ਮੰਦਿਰ ਦੀ ਨੀਂਹ ਦੇਵਗਿਰੀ ਦੇ ਯਾਦਵ ਰਾਜਾ ਨੇ ਲੱਗਭਗ 800 ਸਾਲ ਪਹਿਲਾਂ ਰੱਖੀ ਸੀ। ਦੁਸਹਿਰੇ ਦੇ ਮੌਕੇ ਇਥੇ ਇਕ ਤਿਉਹਾਰ ਆਯੋਜਿਤ ਕੀਤਾ ਜਾਂਦਾ ਹੈ। ਦੇਵੀ ਰੇਣੁਕਾ ਭਗਵਾਨ ਪਰਸ਼ੂਰਾਮ ਦੀ ਮਾਂ ਹੈ। ਮੰਦਿਰ ਦੇ ਚਾਰੇ ਪਾਸੇ ਸੰਘਣੇ ਜੰਗਲ ਹਨ।
*ਉਨਕੇਸ਼ਵਰ- ਉਨਕੇਸ਼ਵਰ ਗਰਮ ਪਾਣੀ ਦਾ ਝਰਨਾ ਹੈ, ਜੋ ਪੇਨਗੰਗਾ ਨਦੀ ਦੇ ਕੰਢੇ ''ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਹ ਕੁਦਰਤੀ ਝਰਨਾ ਅਦਭੁੱਤ ਰਸਾਇਣਾਂ ਨਾਲ ਭਰਪੂਰ ਹੈ, ਜਿਸ ਨਾਲ ਚਮੜੀ ਦੇ ਕਈ ਰੋਗ ਠੀਕ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦੱਤਾਤ੍ਰੇਯ ਮੰਦਰ, ਅਨੁਸੂਈਆ ਮੰਦਰ, ਦੇਵਦੇਵੇਸ਼ਵਰ ਮੰਦਰ, ਪਰਸ਼ੂਰਾਮ ਮੰਦਰ, ਸਰਵਤੀਰਥ, ਮਾਤਰੁਤੀਰਥ, ਭਾਨੁਤੀਰਥ, ਹਾਟੀ ਦਰਵਾਜ਼ਾ, ਬਾਲ ਸਮੁਦਰ, ਪਾਂਡਵ ਲੇਨੀ, ਮਹਾਕਾਲੀ ਮੰਦਰ, ਮਾਹੁਰ ਅਜਾਇਬਘਰ, ਸੋਨਾਪੀਰ ਦਰਗਾਹ ਅਤੇ ਵਾਟਰ ਫਾਲ (ਝਰਨਾ) ਦੇਖ ਸਕਦੇ ਹੋ।
ਕਿਵੇਂ ਪਹੁੰਚੀਏ?
*ਸੜਕ ਮਾਰਗ- ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ''ਚ ਸਥਿਤ ਮਾਹੁਰ ਕਿਲਾ ਆਲੇ-ਦੁਆਲੇ ਦੇ ਕਈ ਸ਼ਹਿਰਾਂ ਤੋਂ ਸੜਕ ਮਾਰਗ ਨਾਲ ਜੁੜਿਆ ਹੋਇਆ ਹੈ। ਕਿਲੇ ਤਕ ਬੱਸ ਰਾਹੀਂ ਪਹੁੰਚਣ ਲਈ ਸਭ ਤੋਂ ਨੇੜੇ ਦਾ ਬੱਸ ਸਟੇਸ਼ਨ ਮਾਹੌਰ ਹੈ। ਮਾਹੌਰ ਬੱਸ ਸਟੇਸ਼ਨ ਰਾਹੀਂ 2 ਕਿਲੋਮੀਟਰ ਦੂਰ ਰਾਸ਼ਟਰਕੂਟ ਕਾਲ ਦੇ ਸਮੇਂ ਦੀ ਪਹਾੜੀ ਨੂੰ ਕੱਟ ਕੇ ਬਣੀਆਂ ਦੋ ਹਾਥੀਨੁਮਾ ਗੁਫਾਵਾਂ ਦੇਖਣ ਨੂੰ ਮਿਲਦੀਆਂ ਹਨ। ਰਾਜ ਟਰਾਂਸਪੋਰਟ ਦੀਆਂ ਬੱਸਾਂ ਤੇ ਕਈ ਨਿੱਜੀ ਵਾਹਨ ਮੁੰਬਈ, ਪੁਣੇ, ਹੈਦਰਾਬਾਦ ਆਦਿ ਸ਼ਹਿਰਾਂ ਤੋਂ ਨਾਂਦੇੜ ਲਈ ਰੋਜ਼ਾਨਾ ਚੱਲਦੇ ਹਨ।
* ਰੇਲ ਮਾਰਗ-ਨਜ਼ਦੀਕੀ ਰੇਲਵੇ ਸਟੇਸ਼ਨ ਕਿਨਵਟ ਹੈ। ਇਸ ਤੋਂ ਇਲਾਵਾ ਨਾਂਦੇੜ ਰੇਲਵੇ ਸਟੇਸ਼ਨ ਮੁੰਬਈ, ਪੁਣੇ, ਬੰਗਲੌਰ, ਦਿੱਲੀ, ਅੰਮ੍ਰਿਤਸਰ, ਭੋਪਾਲ, ਇੰਦੌਰ, ਆਗਰਾ, ਹੈਦਰਾਬਾਦ, ਜੈਪੁਰ, ਅਜਮੇਰ, ਔਰੰਗਾਬਾਦ ਅਤੇ ਨਾਸਿਕ ਆਦਿ ਸ਼ਹਿਰਾਂ ਤੋਂ ਰੇਲ ਗੱਡੀਆਂ ਰਾਹੀਂ ਸਿੱਧਾ ਜੁੜਿਆ ਹੋਇਆ ਹੈ।
* ਹਵਾਈ ਮਾਰਗ-ਸਭ ਤੋਂ ਨੇੜਲੇ ਹਵਾਈ ਅੱਡੇ ਨਾਂਦੇੜ, ਮੁੰਬਈ ਤੇ ਨਾਗਪੁਰ ''ਚ ਹਨ।
ਕਿੱਥੇ ਠਹਿਰੀਏ?
ਮਾਹੁਰ ਕਿਲੇ ਦੇ ਆਲੇ-ਦੁਆਲੇ ਦੇ ਇਲਾਕੇ ''ਚ ਰਹਿਣ ਅਤੇ ਖਾਣ-ਪੀਣ ਲਈ ਹਰ ਦਰਜੇ ਦੇ ਹੋਟਲ ਤੇ ਲੌਜ ਮੁਹੱਈਆ ਹਨ।