ਬੁੱਧੀ ਦੀ ਵਰਤੋਂ ਕਰਨੀ ਜ਼ਰੂਰੀ

1/14/2018 8:57:06 AM

ਇਕ ਵਾਰ ਇਕ ਚੇਲੇ ਨੇ ਗੁਰੂ ਨੂੰ ਪੁੱਛਿਆ, ''ਗੁਰੂ ਜੀ, ਸਾਰੇ ਪ੍ਰਾਣੀ ਜਨਮ ਲੈਂਦੇ ਹਨ ਤੇ ਮਰਦੇ ਹਨ। ਇਸ ਜਗਤ ਦੇ ਸਾਰੇ ਪ੍ਰਾਣੀ ਭਾਵੇਂ ਉਹ ਜੀਵ-ਜੰਤੂ ਹੋਣ ਜਾਂ ਮਨੁੱਖ, ਸਾਰਿਆਂ 'ਚ ਭੁੱਖ, ਪੀੜਾ, ਖੁਸ਼ੀ ਆਦਿ ਵਰਗੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਸਮਰੱਥਾ ਹੈ। ਸਾਰਿਆਂ ਨੂੰ ਆਪਣਾ ਬਚਾਅ ਕਰਨਾ ਵੀ ਆਉਂਦਾ ਹੈ। ਸਾਰਿਆਂ ਨੂੰ ਬੀਮਾਰੀ ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਸ਼ੂ-ਪੰਛੀ, ਜੀਵ-ਜੰਤੂ, ਮਨੁੱਖ ਸਾਰਿਆਂ ਦਾ ਅੰਤ ਯਕੀਨੀ ਹੈ ਪਰ ਕੀ ਕਾਰਨ ਹੈ ਕਿ ਸਿਰਫ ਮਨੁੱਖਾਂ ਵਿਚ ਹੀ ਸਾਧੂ, ਤਪੱਸਵੀ, ਗਿਆਨੀ, ਚੋਰ, ਡਾਕੂ, ਲੁਟੇਰੇ, ਅੱਤਵਾਦੀ, ਵਹਿਸ਼ੀ ਦਰਿੰਦੇ ਆਦਿ ਹੁੰਦੇ ਹਨ?''
ਚੇਲੇ ਦਾ ਸਵਾਲ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਬੋਲੇ, ''ਤੂੰ ਬਹੁਤ ਚੰਗਾ ਸਵਾਲ ਪੁੱਛਿਆ ਹੈ ਵਤਸ। ਅਸਲ ਵਿਚ ਇਸ ਦੇ ਪਿੱਛੇ ਪ੍ਰਮੁੱਖ ਕਾਰਨ ਹੈ ਵਿਅਕਤੀ ਦੇ ਅੰਦਰ ਬੁੱਧੀ ਦਾ ਹੋਣਾ। ਬੁੱਧੀ ਕਾਰਨ ਹੀ ਮਨੁੱਖ ਉਹ ਵੀ ਬਣ ਸਕਦੇ ਹਨ, ਜੋ ਪਸ਼ੂ-ਪੰਛੀ, ਜੀਵ-ਜੰਤੂ ਆਦਿ ਨਹੀਂ ਹੋ ਸਕਦੇ। ਉਹ ਪੰਡਿਤ, ਗਿਆਨੀ, ਤਪੱਸਵੀ, ਚੋਰ, ਲੁਟੇਰੇ ਤੇ ਅੱਤਵਾਦੀ ਵੀ ਬਣ ਸਕਦੇ ਹਨ ਪਰ ਮਨੁੱਖ ਆਪਣੀ ਬੁੱਧੀ ਦੀ ਸਦਵਰਤੋਂ ਕਰਨ ਦੀ ਬਜਾਏ ਭਟਕ ਜਾਂਦਾ ਹੈ ਅਤੇ ਗਲਤ ਕੰਮਾਂ ਵਿਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਮਨੁੱਖ ਆਪਣੀ ਬੁੱਧੀ ਦੀ ਗਲਤ ਵਰਤੋਂ ਕਰ ਕੇ ਤਬਾਹੀ ਵੱਲ ਚਲਾ ਜਾਂਦਾ ਹੈ। ਇਸ ਬੁੱਧੀ ਦੀ ਸਹੀ ਵਰਤੋਂ ਕਰਨੀ ਜ਼ਰੂਰੀ ਹੈ। ਬੁੱਧੀ ਦੀ ਵਰਤੋਂ ਕਰ ਕੇ ਮਨੁੱਖ ਖੁਦ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹ ਕੇ ਆਪਣਾ ਜੀਵਨ ਸਾਰਥਕ ਕਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਜੇ ਅਜੇ ਵੀ ਉਹ ਆਪਣੀ ਬੁੱਧੀ ਦੀ ਵਰਤੋਂ ਚੰਗੇ ਤੇ ਨੇਕ ਕੰਮਾਂ ਵਿਚ ਕਰੇ ਤਾਂ ਉਹ ਜੀਵਨ ਨੂੰ ਕਾਮਯਾਬ ਬਣਾ ਸਕਦਾ ਹੈ, ਜੋ ਕਿ ਜੀਵ ਜਗਤ ਦੇ ਹੋਰ ਪ੍ਰਾਣੀ ਨਹੀਂ ਕਰ ਸਕਦੇ।''
ਚੇਲਾ ਗੁਰੂ ਦੀ ਗੱਲ ਨਾਲ ਸਹਿਮਤ ਹੋ ਗਿਆ।