ਸੱਚੀ ਮਦਦ ਕੋਈ ਦਿਖਾਵਾ ਨਹੀਂ

4/26/2016 12:37:56 PM

ਇਕ ਨੰਨ੍ਹਾ ਪਰਿੰਦਾ ਉਡਾਨ ਭਰਨ ਦੀ ਕੋਸ਼ਿਸ਼ ਕਰਦਾ ਪਰ ਵਾਰ-ਵਾਰ ਕੁਝ ਉੱਪਰ ਉੱਠ ਕੇ ਫਿਰ ਡਿਗ ਪੈਂਦਾ। ਦੂਰੋਂ ਇਕ ਅਣਜਾਣ ਪਰਿੰਦਾ ਆਪਣੇ ਦੋਸਤ ਨਾਲ ਬੈਠਾ ਇਹ ਸਭ ਬੜੇ ਧਿਆਨ ਨਾਲ ਦੇਖ ਰਿਹਾ ਸੀ। ਕੁਝ ਦੇਰ ਬਾਅਦ ਉਹ ਉਸ ਕੋਲ ਪਹੁੰਚਿਆ ਅਤੇ ਬੋਲਿਆ,''''ਕੀ ਹੋਇਆ, ਬਹੁਤ ਪ੍ਰੇਸ਼ਾਨ ਏਂ?''''
ਨੰਨ੍ਹਾ ਪਰਿੰਦਾ ਬੋਲਿਆ,''''ਮੈਂ ਸ਼ਾਮ ਹੋਣ ਤਕ ਆਪਣੇ ਆਲ੍ਹਣੇ ਤਕ ਮੁੜਨਾ ਹੈ। ਉਡਾਨ ਭਰਨਾ ਅਜੇ ਠੀਕ ਤਰ੍ਹਾਂ ਨਹੀਂ ਆਉਂਦਾ। ਕੀ ਤੁਸੀਂ ਮੈਨੂੰ ਉੱਡਣਾ ਸਿਖਾ ਸਕਦੇ ਹੋ?''''
ਪਰਿੰਦਾ ਬੋਲਿਆ,''''ਜਦੋਂ ਸਿੱਖਿਆ ਨਹੀਂ ਤਾਂ ਇੰਨੀ ਦੂਰ ਨਿਕਲ ਜਾਣ ਦੀ ਕੀ ਲੋੜ ਸੀ।'''' ਉਹ ਨੰਨ੍ਹੇ ਪਰਿੰਦੇ ਦਾ ਮਜ਼ਾਕ ਉਡਾਉਣ ਲੱਗਾ।
ਅਣਜਾਣ ਪਰਿੰਦਾ ਹੱਸਦਾ ਹੋਇਆ ਬੋਲਿਆ,''''ਦੇਖੋ, ਅਸੀਂ ਤਾਂ ਉਡਾਨ ਭਰਨਾ ਜਾਣਦੇ ਹਾਂ ਅਤੇ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਾਂ।''''
ਇੰਨਾ ਕਹਿ ਕੇ ਉਸ ਨੇ ਨੰਨ੍ਹੇ ਪਰਿੰਦੇ ਸਾਹਮਣੇ ਪਹਿਲੀ ਉਡਾਨ ਭਰੀ। ਉਹ ਫਿਰ ਥੋੜ੍ਹੀ ਦੇਰ ਬਾਅਦ ਵਾਪਸ ਆ ਗਿਆ ਅਤੇ 2-4 ਕੌੜੀਆਂ ਗੱਲਾਂ ਬੋਲ ਕੇ ਫਿਰ ਉੱਡ ਗਿਆ। ਅਜਿਹਾ ਉਸ ਨੇ 5-6 ਵਾਰ ਕੀਤਾ।
ਇਕ ਵਾਰ ਜਦੋਂ ਵਾਪਸ ਆਇਆ ਤਾਂ ਨੰਨ੍ਹਾ ਪਰਿੰਦਾ ਉਥੇ ਨਹੀਂ ਸੀ। ਇਹ ਦੇਖ ਕੇ ਅਣਜਾਣ ਪਰਿੰਦਾ ਖੁਸ਼ ਹੁੰਦਾ ਹੋਇਆ ਆਪਣੇ ਸਾਥੀ ਨੂੰ ਬੋਲਿਆ,''''ਆਖਰ ਉਸ ਨੰਨ੍ਹੇ ਪਰਿੰਦੇ ਨੇ ਉਡਾਨ ਭਰ ਹੀ ਲਈ।''''
ਸਾਥੀ ਬੋਲਿਆ,''''ਤੂੰ ਇੰਨਾ ਖੁਸ਼ ਕਿਉਂ ਹੋ ਰਿਹਾ ਏਂ? ਤੂੰ ਤਾਂ ਉਸ ਦਾ ਇੰਨਾ ਮਜ਼ਾਕ ਉਡਾਇਆ ਸੀ।'''' ਉਹ ਬੋਲਿਆ,''''ਅਸਲ ਵਿਚ ਇਹ ਮੇਰਾ ਉਸ ਨੂੰ ਉੱਡਣਾ ਸਿਖਾਉਣ ਦਾ ਇਕ ਢੰਗ ਸੀ। ਮੈਂ ਉਸ ਦੇ ਲਈ ਅਜਨਬੀ ਸੀ। ਜੇ ਉਸ ਨੂੰ ਸਿੱਧੇ ਢੰਗ ਨਾਲ ਉੱਡਣਾ ਸਿਖਾਉਂਦਾ ਤਾਂ ਉਹ ਪੂਰੀ ਜ਼ਿੰਦਗੀ ਮੇਰੇ ਅਹਿਸਾਨ ਹੇਠ ਦੱਬਿਆ ਰਹਿੰਦਾ। ਉਸ ਨੂੰ ਦੂਜਿਆਂ ਤੋਂ ਮਦਦ ਮੰਗਣ ਦੀ ਆਦਤ ਪੈ ਜਾਂਦੀ। ਜਦੋਂ ਮੈਂ ਉਸ ਨੂੰ ਕੋਸ਼ਿਸ਼ ਕਰਦਾ ਦੇਖਿਆ ਤਾਂ ਸਮਝ ਗਿਆ ਸੀ ਕਿ ਇਸ ਨੂੰ ਬਸ ਥੋੜ੍ਹੀ ਜਿਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਉਹ ਮੈਂ ਵਾਰ-ਵਾਰ ਉਸ ਦੇ ਸਾਹਮਣੇ ਉੱਡਦਿਆਂ ਉਸ ਨੂੰ ਦੇ ਦਿੱਤੀ। ਹੁਣ ਉਹ ਆਪ ਹੀ ਉੱਡਦਾ ਰਹੇਗਾ ਅਤੇ ਦੂਜਿਆਂ ਤੋਂ ਮਦਦ ਕਦੇ ਨਹੀਂ ਮੰਗੇਗਾ।''''
ਅਸਲ ਵਿਚ ਸੱਚੀ ਮਦਦ ਉਹੀ ਹੈ, ਜੋ ਮਦਦ ਹਾਸਿਲ ਕਰਨ ਵਾਲੇ ਨੂੰ ਇਹ ਮਹਿਸੂਸ ਹੀ ਨਾ ਹੋਣ ਦੇਵੇ ਕਿ ਉਸ ਦੀ ਮਦਦ ਕੀਤੀ ਗਈ ਹੈ।