ਸੱਚੇ ਕਰਮ ਦਾ ਅਸਰ

8/27/2016 10:01:09 AM

ਇਕ ਦਿਨ ਪਾਟਲੀਪੁੱਤਰ ਨਗਰ ਵਿਚ ਸਮਰਾਟ ਅਸ਼ੋਕ ਗੰਗਾ ਨਦੀ ਦੇ ਕੰਢੇ ''ਤੇ ਟਹਿਲ ਰਹੇ ਸਨ। ਉਨ੍ਹਾਂ ਨਾਲ ਉਨ੍ਹਾਂ ਦੇ ਮੰਤਰੀ, ਦਰਬਾਰੀ ਤੇ ਸੈਂਕੜੇ ਲੋਕ ਵੀ ਸਨ। ਨਦੀ ਪੂਰੇ ਚੜ੍ਹਾਅ ''ਤੇ ਸੀ। ਪਾਣੀ ਵੱਲ ਦੇਖ ਕੇ ਸਮਰਾਟ ਅਸ਼ੋਕ ਨੇ ਪੁੱਛਿਆ, ''''ਕੀ ਕੋਈ ਅਜਿਹਾ ਵਿਅਕਤੀ ਹੈ, ਜੋ ਗੰਗਾ ਦੇ ਪਾਣੀ ਦਾ ਵਹਾਅ ਉਲਟਾ ਸਕੇ?''''
ਇਹ ਸੁਣ ਕੇ ਸਾਰੇ ਚੁੱਪ ਹੋ ਗਏ। ਕੁਝ ਦੂਰ ਬਿੰਦੂਮਤੀ ਨਾਂ ਦੀ ਬੁੱਢੀ ਵੇਸਵਾ ਖੜ੍ਹੀ ਸੀ। ਉਹ ਸਮਰਾਟ ਕੋਲ ਆਈ ਅਤੇ ਬੋਲੀ, ''''ਮਹਾਰਾਜ, ਮੈਂ ਤੁਹਾਡੇ ਸੱਚੇ ਕਰਮ ਦੀ ਗੁਹਾਰ ਲਾ ਕੇ ਇਹ ਕਰ ਸਕਦੀ ਹਾਂ।''''
ਸਮਰਾਟ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ। ਉਸ ਵੇਸਵਾ ਦੀ ਗੁਹਾਰ ਨਾਲ ਗੰਗਾ ਉੱਪਰ ਵੱਲ ਉਲਟ ਦਿਸ਼ਾ ''ਚ ਵਗਣ ਲੱਗੀ। ਸਮਰਾਟ ਅਸ਼ੋਕ ਹੈਰਾਨ ਰਹਿ ਗਏ। ਉਨ੍ਹਾਂ ਵੇਸਵਾ ਨੂੰ ਪੁੱਛਿਆ, ''''ਤੂੰ ਇਹ ਅਨੋਖਾ ਕੰਮ ਕਿਵੇਂ ਕਰ ਦਿੱਤਾ?''''
ਵੇਸਵਾ ਬੋਲੀ, ''''ਮਹਾਰਾਜ, ਸੱਚਾਈ ਦੀ ਤਾਕਤ ਨਾਲ ਮੈਂ ਗੰਗਾ ਦਾ ਵਹਾਅ ਉਲਟ ਦਿਸ਼ਾ ''ਚ ਮੋੜ ਦਿੱਤਾ।''''
ਰਾਜੇ ਨੇ ਪੁੱਛਿਆ, ''''ਤੂੰ ਇਕ ਆਮ ਵੇਸਵਾ ਏਂ, ਤੂੰ ਸੁਭਾਵਿਕ ਪਾਪੀ ਏਂ।''''
ਬਿੰਦੂਮਤੀ ਨੇ ਜਵਾਬ ਦਿੱਤਾ, ''''ਚਰਿੱਤਰਹੀਣ ਤੇ ਬੁਰੀ ਔਰਤ ਹੋ ਕੇ ਵੀ ਮੇਰੇ ਕੋਲ ਸੱਚੇ ਕਰਮ ਦੀ ਸ਼ਕਤੀ ਹੈ। ਮਹਾਰਾਜ, ਜਿਹੜਾ ਵੀ ਮੈਨੂੰ ਰੁਪਏ ਦਿੰਦਾ ਭਾਵੇਂ ਬ੍ਰਾਹਮਣ, ਵੈਸ਼ ਜਾਂ ਸ਼ੂਦਰ ਰਿਹਾ ਹੋਵੇ ਜਾਂ ਕਿਸੇ ਹੋਰ ਜਾਤ ਦਾ ਹੋਵੇ, ਮੈਂ ਉਨ੍ਹਾਂ ਸਾਰਿਆਂ ਨਾਲ ਇਕੋ ਜਿਹਾ ਵਤੀਰਾ ਕਰਦੀ ਸੀ। ਜਿਹੜੇ ਮੈਨੂੰ ਰੁਪਏ ਦਿੰਦੇ ਸਨ, ਉਨ੍ਹਾਂ ਸਾਰਿਆਂ ਦੀ ਮੈਂ ਬਰਾਬਰ ਸੇਵਾ ਕਰਦੀ ਸੀ। ਮਹਾਰਾਜ, ਇਹੀ ਸੱਚਾ ਕਰਮ ਹੈ, ਜਿਸ ਰਾਹੀਂ ਮੈਂ ਜ਼ਿੱਦੀ ਗੰਗਾ ਦਾ ਵਹਾਅ ਮੋੜ ਦਿੱਤਾ।''''
ਸਿੱਖਿਆ : ਧਰਮ ਪ੍ਰਤੀ ਸੱਚਾਈ ਮਨੁੱਖ ਨੂੰ ਮਹਾਨ ਸ਼ਕਤੀ ਪ੍ਰਦਾਨ ਕਰਦੀ ਹੈ। ਜੇ ਅਸੀਂ ਜ਼ਿੰਦਗੀ ਭਰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਨਾਲ ਨਿਭਾਈਏ ਤਾਂ ਇਸ ਤੱਥ ਨੂੰ ਸਾਹਮਣੇ ਰੱਖ ਕੇ ਚਮਤਕਾਰ ਕਰ ਸਕਦੇ ਹਾਂ ਜਿਵੇਂ ਬਿੰਦੂਮਤੀ ਵੇਸਵਾ ਨੇ ਦਿਖਾਇਆ।