ਮੁਸੀਬਤਾਂ ਦਿੰਦੀਆਂ ਹਨ ਜਿਊਣ ਦਾ ਹੌਸਲਾ

5/15/2017 10:22:28 AM

ਇਹ ਸਵਾਲ ਅਹਿਮ ਹੈ ਕਿ ਸਮੱਸਿਆ ਜਾਂ ਰੁਕਾਵਟ ਪੈਦਾ ਹੋਣ ''ਤੇ ਉਸ ਨੂੰ ਦੂਰ ਕਿਵੇਂ ਕੀਤਾ ਜਾਵੇ? ਕਈ ਲੋਕ ਸੰਕਟ ਆਉਣ ''ਤੇ ਘਬਰਾ ਜਾਂਦੇ ਹਨ। ਉਹ ਸੋਚ ਹੀ ਨਹੀਂ ਸਕਦੇ ਕਿ ਕੀ ਕਰੀਏ। ਅਜਿਹੀ ਸਥਿਤੀ ਵਿਚ ਉਹ ਜਾਂ ਤਾਂ ਆਪਣੀ ਕਿਸਮਤ ਨੂੰ ਕੋਸਦੇ ਹਨ ਜਾਂ ਰੱਬ ਨੂੰ ਜਾਂ ਉਸ ਸਮੱਸਿਆ ਜਾਂ ਸੰਕਟ ਲਈ ਹੋਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਅਕਸਰ ਦੇਖਿਆ ਗਿਆ ਹੈ ਕਿ ਕੋਲ ਸਭ ਕੁਝ ਹੈ, ਫਿਰ ਵੀ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਵਿਅਕਤੀ ਦੀ ਬੇਚੈਨੀ ਵਧ ਜਾਂਦੀ ਹੈ। ਇਸੇ ਲਈ ਵੱਡੇ-ਵੱਡੇ ਅਮੀਰ, ਰਾਜੇ-ਮਹਾਰਾਜੇ, ਸਿਆਸਤਦਾਨ ਤੇ ਸਮਰਾਟ ਆਪਣੇ ਸਵਾਲਾਂ ਦਾ ਜਵਾਬ ਹਾਸਿਲ ਕਰਨ ਲਈ ਉਨ੍ਹਾਂ ਲੋਕਾਂ ਕੋਲ ਜਾਂਦੇ ਹਨ, ਜੋ ਆਤਮ-ਗਿਆਨ ਦੇ ਨਜ਼ਰੀਏ ਤੋਂ ਸੰਪੂਰਨ ਸਨ।
ਆਤਮ-ਗਿਆਨ ਯਥਾਰਥ ਦਾ ਗਿਆਨ ਹੈ। ਉਹ ਕਿਸੇ ਸਕੂਲ ਜਾਂ ਕਾਲਜ ਤੋਂ ਨਹੀਂ, ਆਪਣੀ ਖੁਦ ਦੀ ਸਾਧਨਾ ਤੋਂ ਹਾਸਿਲ ਕਰਨਾ ਹੁੰਦਾ ਹੈ। ਬੁੱਧੀ ਤੇ ਸੰਜਮ ਕਿਰਾਏ ''ਤੇ ਨਹੀਂ ਮਿਲਦੇ, ਇਨ੍ਹਾਂ ਨੂੰ ਖੁਦ ਵਿਚ ਪੈਦਾ ਕਰਨਾ ਪੈਂਦਾ ਹੈ। ਇਥੇ ''ਆਪਣੀ ਸਮੱਸਿਆ, ਆਪਣਾ ਹੱਲ'' ਵਾਲਾ ਸੂਤਰ ਚੱਲਦਾ ਹੈ। ਆਪਣੀ ਆਤਮਾ ਹੀ ਸੁੱਖ ਤੇ ਦੁੱਖ ਦੀ ਕਰਤਾ ਹੈ। ਇਕ ਵਿਅਕਤੀ ਗਾਲ੍ਹ ਕੱਢਦਾ ਹੈ ਤਾਂ ਸਾਹਮਣੇ ਵਾਲਾ ਦੁਖੀ ਹੋ ਜਾਂਦਾ ਹੈ। ਅਜਿਹੇ ਸੰਤਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ, ਜੋ ਗਾਲ੍ਹ ਵੱਲ ਧਿਆਨ ਨਹੀਂ ਦਿੰਦੇ ਜਾਂ ਹੱਸ ਕੇ ਟਾਲ ਦਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿਸ ਵਿਅਕਤੀ ਨੇ ਇਹ ਸਮਝ ਲਿਆ ਕਿ ਸੁੱਖ-ਦੁੱਖ ਦਾ ਕਰਤਾ ਆਪਣੀ ਆਤਮਾ ਹੈ, ਉਸ ਨੇ ਹੀ ਦੁੱਖ ਵਿਚ ਸੁੱਖ ਦਾ ਸੋਮਾ ਲੱਭ ਲਿਆ ਹੈ।
ਕੋਈ ਵੀ ਸਮੱਸਿਆ ਪੈਦਾ ਹੋਣ ''ਤੇ ਆਤਮ ਬਲ ਬਣਾਈ ਰੱਖੋ ਅਤੇ ਮਨ ਵਿਚ ਵਿਸ਼ਵਾਸ ਰੱਖੋ ਕਿ ਇਸ ਸਮੱਸਿਆ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ। ਇਕ ਜੰਗਲ ਵਿਚ ਇਕ ਲੰਗੜਾ ਤੇ ਇਕ ਅੰਨ੍ਹਾ ਰਹਿੰਦਾ ਸੀ। ਇਕ ਦਿਨ ਅਚਾਨਕ ਜੰਗਲ ਵਿਚ ਅੱਗ ਲੱਗ ਗਈ ਪਰ ਉਨ੍ਹਾਂ ਹੌਸਲਾ ਨਾ ਗੁਆਇਆ। ਲੰਗੜੇ ਨੂੰ ਮੋਢੇ ''ਤੇ ਬਿਠਾ ਕੇ ਉਸ ਤੋਂ ਪੁੱਛ-ਪੁੱਛ ਕੇ ਅੰਨ੍ਹੇ ਨੇ ਜੰਗਲ ਪਾਰ ਕਰ ਲਿਆ। ਉਲਟ ਹਾਲਾਤ ਵਿਚ ਆਪਣੇ ਗੂੜ੍ਹੇ ਤੇ ਵਿਸ਼ਵਾਸਯੋਗ ਦੋਸਤ, ਜੀਵਨ ਸਾਥੀ ਜਾਂ ਪਰਿਵਾਰ ਵਾਲਿਆਂ ਨਾਲ ਦੁੱਖ ਵੰਡੋ।
ਕਹਾਵਤ ਹੈ ਕਿ ਰੱਬ ਵੀ ਉਨ੍ਹਾਂ ਦੀ ਮਦਦ ਕਰਦਾ ਹੈ, ਜੋ ਖੁਦ ਆਪਣੀ ਮਦਦ ਕਰਦੇ ਹਨ। ਇਸ ਲਈ ਟੀਚੇ ਨੂੰ ਹਾਸਿਲ ਕਰਨ ਦੌਰਾਨ ਰਸਤੇ ਵਿਚ ਆਈਆਂ ਅਸਫਲਤਾਵਾਂ ਤੋਂ ਡਰ ਕੇ ਕੋਸ਼ਿਸ਼ ਕਰਨੀ ਨਾ ਛੱਡੋ। ਧਿਆਨ ਰੱਖੋ ਕਿ ਛੋਟੇ-ਛੋਟੇ ਕਦਮ ਰੱਖ ਕੇ ਹੀ ਲੰਮੀ ਯਾਤਰਾ ਕੀਤੀ ਜਾ ਸਕਦੀ ਹੈ। ਹੌਲੀ-ਹੌਲੀ ਕੋਸ਼ਿਸ਼ ਕਰਦਿਆਂ ਆਮ ਇਨਸਾਨ ਵੀ ਵੱਡੇ ਪਹਾੜਾਂ ਦੇ ਸਿਖਰ ''ਤੇ ਪਹੁੰਚ ਜਾਂਦੇ ਹਨ।
ਤਕਲੀਫਾਂ ਸਹਿਣ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸਫਲ ਤੇ ਸਿਹਤਮੰਦ ਜੀਵਨ ਜਿਊਣ ਲਈ ਇਹ ਬਹੁਤ ਜ਼ਰੂਰੀ ਹੈ। ਮੁਸ਼ਕਿਲਾਂ ਜ਼ਿੰਦਗੀ ਨੂੰ ਹੌਸਲਾ ਦਿੰਦੀਆਂ ਹਨ। ਜ਼ਿੰਦਗੀ ਵਿਚ ਸਹੂਲਤਾਂ ਤੇ ਮੁਸ਼ਕਿਲਾਂ ਦਾ ਅਨੁਪਾਤ ਬਣਿਆ ਰਹਿਣਾ ਚਾਹੀਦਾ ਹੈ।